ਮੰਡੀ ਗੋਬਿੰਦਗੜ੍ਹ, 12 ਜੂਨ (ਮੋਹਿਤ ਸਿੰਗਲਾ)-ਭਾਰਤੀ ਰੇਲਵੇ ਨੇ ਭੋਜਨ ਪ੍ਰਬੰਧਨ ਦੇ ਖੇਤਰ 'ਚ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ | ਆਧੁਨਿਕ ਤਕਨਾਲੋਜੀ ਅਤੇ ਡਾਟਾ ਆਧਾਰਿਤ ਯੋਜਨਾਬੰਦੀ ਰਾਹੀਂ ਰੇਲਵੇ ਨੇ ਇਕ ਸਾਲ 'ਚ 11 ਕਰੋੜ ਤੋਂ ਵੱਧ ਭੋਜਨ ਥਾਲੀਆਂ ਦੀ ਬਰਬਾਦੀ ਰੋਕਣ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਨਾਲ ਨਾ ਸਿਰਫ਼ ਖੁਰਾਕ ਸਰੋਤਾਂ ਦੀ ਸੰਭਾਲ ਹੋਈ ਹੈ, ਸਗੋਂ ਰੇਲਵੇ ਨੂੰ ਹਰ ਸਾਲ ਕਰੀਬ 400 ਕਰੋੜ ਰੁਪਏ ਦੀ ਬਚਤ ਵੀ ਹੋ ਰਹੀ ਹੈ | ਰੇਲ ਮੰਤਰਾਲੇ ਵਲੋਂ ਲਾਗੂ ਕੀਤੇ ਜਾ ਰਹੇ ਤਕਨੀਕੀ ਸੁਧਾਰਾਂ ਤਹਿਤ ਰੇਲਵੇ ਦੇ ਵਿਸ਼ਾਲ ਕੇਟਰਿੰਗ ਨੈਟਵਰਕ ਨੂੰ ਉੱਨਤ ਡਾਟਾ ਐਨਾਲਿਟਿਕਸ, ਡਿਜ਼ਿਟਲ ਟਿਕਟਿੰਗ ਅਤੇ ਪਿ੍ਡਿਕਟਿਵ ਪਲਾਨਿੰਗ ਸਿਸਟਮ ਨਾਲ ਜੋੜਿਆ ਗਿਆ ਹੈ | ਇਨ੍ਹਾਂ ਤਕਨੀਕਾਂ ਦੀ ਮਦਦ ਨਾਲ ਯਾਤਰੀਆਂ ਦੀ ਅਸਲ ਮੰਗ ਦਾ ਸਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਜਿਸ ਕਾਰਨ ਲੋੜ ਅਨੁਸਾਰ ਹੀ ਭੋਜਨ ਤਿਆਰ ਕੀਤਾ ਜਾਂਦਾ ਹੈ ਅਤੇ ਵਾਧੂ ਖਾਣੇ ਦੀ ਬਰਬਾਦੀ ਨੂੰ ਰੋਕਿਆ ਜਾ ਰਿਹਾ ਹੈ | ਰੇਲਵੇ ਦੇ ਅਧਿਕਾਰਕ ਸਰੋਤਾਂ ਅਨੁਸਾਰ ਇਸ ਵੇਲੇ ਰੇਲਗੱਡੀਆਂ 'ਚ ਹਰ ਰੋਜ਼ ਲਗਭਗ 18 ਲੱਖ ਭੋਜਨ ਥਾਲੀਆਂ ਦੀ ਸਪਲਾਈ ਕੀਤੀ ਜਾਂਦੀ ਹੈ | ਪਹਿਲਾਂ ਭੋਜਨ ਤਿਆਰ ਕਰਨ ਦੀ ਪ੍ਰਕਿਰਿਆ ਮੁੱਖ ਤÏਰ 'ਤੇ ਅੰਦਾਜ਼ਿਆਂ 'ਤੇ ਆਧਾਰਿਤ ਹੁੰਦੀ ਸੀ, ਜਿਸ ਕਾਰਨ ਵੱਡੀ ਮਾਤਰਾ 'ਚ ਖਾਣਾ ਬਚ ਜਾਂਦਾ ਸੀ ਅਤੇ ਆਿਖ਼ਰਕਾਰ ਉਸ ਨੂੰ ਨਸ਼ਟ ਕਰਨਾ ਪੈਂਦਾ ਸੀ | ਪਰ ਡਿਜੀਟਲ ਡਾਟਾ ਅਤੇ ਮੰਗ ਆਧਾਰਿਤ ਯੋਜਨਾਬੰਦੀ ਲਾਗੂ ਹੋਣ ਤੋਂ ਬਾਅਦ ਭੋਜਨ ਦੀ ਬਰਬਾਦੀ 'ਚ 15 ਤੋਂ 20 ਫੀਸਦੀ ਤੱਕ ਕਮੀ ਦਰਜ ਕੀਤੀ ਗਈ ਹੈ | ਜੇ ਇਸ ਕਮੀ ਦਾ ਅÏਸਤ 17 ਫੀਸਦੀ ਮੰਨਿਆ ਜਾਵੇ ਤਾਂ ਹਰ ਰੋਜ਼ ਲਗਭਗ 3.06 ਲੱਖ ਥਾਲੀਆਂ ਬਰਬਾਦ ਹੋਣ ਤੋਂ ਬਚ ਰਹੀਆਂ ਹਨ | ਇਹ ਗਿਣਤੀ ਇਕ ਸਾਲ ਵਿਚ ਵੱਧ ਕੇ ਲਗਭਗ 11.16 ਕਰੋੜ ਥਾਲੀਆਂ ਤੱਕ ਪਹੁੰਚ ਜਾਂਦੀ ਹੈ | ਆਰਥਿਕ ਪੱਖੋਂ ਦੇਖਿਆ ਜਾਵੇ ਤਾਂ ਰੇਲਵੇ ਹਰ ਸਾਲ ਕਰੀਬ 400 ਕਰੋੜ ਰੁਪਏ ਮੁੱਲ ਦੇ ਭੋਜਨ ਨੂੰ ਬਚਾਉਣ ਵਿਚ ਸਫਲ ਹੋ ਰਿਹਾ ਹੈ |