ਚੰਡੀਗੜ੍ਹ/ਅੰਮਿ੍ਤਸਰ, 14 ਜੂਨ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ 30 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲੇ ਵਿਚ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦਿਆਂ, ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਵੱਖ-ਵੱਖ ਆਪਰੇਸ਼ਨਾਂ ਦੌਰਾਨ ਇੱਕ ਨਾਬਾਲਗ ਸਮੇਤ ਦੋ ਹੋਰ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਤੇ ਇਸ ਮਾਮਲੇ ਵਿਚ 5.041 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਹੈ | ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦਿੱਤੀ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਭਿਸ਼ੇਕ ਉਰਫ਼ ਅਭੀ ਉਰਫ਼ ਭਿੰਡੀ (25) ਵਾਸੀ ਛੇਹਰਟਾ, ਅੰਮਿ੍ਤਸਰ ਤੇ ਇੱਕ ਨਾਬਾਲਗ ਵਜੋਂ ਹੋਈ ਹੈ | ਮੁਲਜ਼ਮ ਅਭਿਸ਼ੇਕ ਦਾ ਅਪਰਾਧਿਕ ਪਿਛੋਕੜ ਹੈ ਤੇ ਉਸ ਵਿਰੁੱਧ ਅਸਲਾ ਐਕਟ, ਐਨ.ਡੀ.ਪੀ.ਐਸ. ਐਕਟ, ਲੁੱਟ-ਖੋਹ ਤੇ ਹਮਲਾ ਨਾਲ ਸਬੰਧਿਤ ਅਪਰਾਧਾਂ ਤਹਿਤ ਕਈ ਮਾਮਲੇ ਦਰਜ ਹਨ | ਇਹ ਗਿ੍ਫਤਾਰੀ ਵੀਰਵਾਰ ਨੂੰ ਛੇ ਵਿਅਕਤੀਆਂ ਗੌਤਮ, ਕਬੀਰ ਉਰਫ਼ ਕਾਕੂ, ਸਮੀਰ ਉਰਫ਼ ਸਭਰਵਾਲ, ਗੁਰਪ੍ਰੀਤ ਉਰਫ਼ ਕੀਦਾ ਅਤੇ ਦੋ ਨਾਬਾਲਗਾਂ ਨੂੰ 30.045 ਕਿਲੋਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਹੋਈ ਹੈ | ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਦੁਬਈ ਸਥਿਤ ਇੱਕ ਤਸਕਰ ਜੋ ਸਰਹੱਦ ਪਾਰੋਂ ਹੈਰੋਇਨ ਦੀ ਖੇਪ ਦੀ ਸਪਲਾਈ ਵਿਚ ਸਹਾਇਤਾ ਕਰ ਰਿਹਾ ਸੀ, ਨਾਲ ਜੁੜੇ ਹੋਏ ਸਨ | ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਆਫ ਪੁਲਿਸ (ਸੀਪੀ) ਅੰਮਿ੍ਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਵੱਡੇ ਮਾਮਲੇ ਦੀ ਜਾਂਚ ਦੌਰਾਨ ਸਥਾਪਿਤ ਕੀਤੇ ਗਏ ਅਗਲੇ-ਪਿਛਲੇ ਸਬੰਧਾਂ 'ਤੇ ਕਾਰਵਾਈ ਕਰਦਿਆਂ, ਪੁਲਿਸ ਟੀਮਾਂ ਨੇ ਗਿ੍ਫ਼ਤਾਰ ਮੁਲਜ਼ਮ ਕਬੀਰ ਉਰਫ਼ ਕਾਕੂ ਦੇ ਖੁਲਾਸੇ ਰਾਹੀਂ ਉਸ ਦੇ ਕਬਜ਼ੇ ਵਿਚੋਂ 2.006 ਕਿਲੋਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਅਤੇ ਉਸਦੇ ਦੋ ਸਾਥੀਆਂ ਨੂੰ ਵੀ ਗਿ੍ਫ਼ਤਾਰ ਕੀਤਾ ਹੈ | ਇੱਕ ਹੋਰ ਆਪਰੇਸ਼ਨ ਦੌਰਾਨ, ਪੁਲਿਸ ਟੀਮਾਂ ਨੂੰ ਵੰਸ਼ਦੀਪ ਸਿੰਘ ਨਾਮਕ ਇਸ ਮਾਡਿਊਲ ਦੇ ਇੱਕ ਸੰਚਾਲਕ, ਜਿਸਦੀ ਪਛਾਣ ਗਿ੍ਫ਼ਤਾਰ ਮੁਲਜ਼ਮ ਅਭਿਸ਼ੇਕ ਵਲੋਂ ਕੀਤੀ ਗਈ ਹੈ, ਨਾਲ ਹਾਦਸਾ ਵਾਪਰਨ ਬਾਰੇ ਜਾਣਕਾਰੀ ਮਿਲੀ | ਸੀਪੀ ਨੇ ਦੱਸਿਆ ਕਿ ਉਸਦੇ ਐਕਟਿਵਾ ਸਕੂਟਰ ਦੀ ਤਲਾਸ਼ੀ ਦੌਰਾਨ, ਪੁਲਿਸ ਨੇ 3.035 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ | ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵੰਸ਼ਦੀਪ ਸਿੰਘ ਕੇਂਦਰੀ ਜੇਲ੍ਹ, ਅੰਮਿ੍ਤਸਰ ਵਿਚ ਬੰਦ ਸੀ ਤੇ 2 ਫਰਵਰੀ, 2025 ਨੂੰ ਜ਼ਮਾਨਤ 'ਤੇ ਬਾਹਰ ਆਇਆ ਸੀ | ਉਨ੍ਹਾਂ ਦੱਸਿਆ ਕਿ ਡਾਕਟਰਾਂ ਵੱਲੋਂ ਤੰਦਰੁਸਤ ਐਲਾਨੇ ਜਾਣ ਤੋਂ ਬਾਅਦ ਦੋਸ਼ੀ ਨੂੰ ਰਸਮੀ ਤੌਰ 'ਤੇ ਗਿ੍ਫ਼ਤਾਰ ਕੀਤਾ ਜਾਵੇਗਾ | ਇਸ ਸਬੰਧੀ, ਨਵਾਂ ਮਾਮਲਾ ਅੰਮਿ੍ਤਸਰ ਦੇ ਪੁਲਿਸ ਸਟੇਸ਼ਨ ਛੇਹਰਟਾ ਵਿਖੇ ਦਰਜ ਕੀਤਾ ਗਿਆ ਹੈ |
5 ਕਿਲੋ ਹੋਰ ਹੈਰੋਇਨ ਬਰਾਮਦ, ਨਾਬਾਲਗ ਸਮੇਤ ਦੋ ਗਿ੍ਫ਼ਤਾਰ, 30 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲਾ
ਅਜੀਤ ਡੈਸਕ
15-06-2026