ਖਰੜ, 14 ਜੂਨ (ਜੰਡਪੁਰੀ)-ਅੱਜ ਦਿਨ ਦਿਹਾੜੇ ਖਰੜ ਦੇ ਪੁਰਾਣਾ ਬੱਸੀ ਪਠਾਣਾਂ ਰੋਡ 'ਤੇ ਪਿੰਡ ਬਡਾਲੀ ਵਿਖੇ ਦਿਨ ਦਿਹਾੜੇ ਇਕ ਪ੍ਰਵਾਸੀ ਲੜਕੇ ਦਾ ਪ੍ਰਵਾਸੀ ਲੜਕਿਆਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ | ਮਿ੍ਤਕ ਦੀ ਪਛਾਣ ਸੰਨੀ ਪੁੱਤਰ ਸੀਸਪਾਲ ਬਾਸੀ ਸੰਭਲ ਉੱਤਰ ਪ੍ਰਦੇਸ਼, ਮੌਜੂਦਾ ਵਾਸੀ ਕਿਰਾਏਦਾਰ ਨਵਾਂ ਸ਼ਹਿਰ ਬਡਾਲਾ ਵਜੋਂ ਹੋਈ ਹੈ | ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਖਰੜ ਥਾਣਾ ਸਦਰ ਕਾਰਜਕਾਰੀ ਐਸ. ਐਚ. ਓ. ਬਲਵਿੰਦਰ ਸਿੰਘ ਸਮੇਤ ਏ. ਐਸ. ਆਈ. ਚਮਕੌਰ ਸਿੰਘ, ਏ. ਐਸ. ਆਈ. ਕੁਲਵਿੰਦਰ ਸਿੰਘ ਅਤੇ ਹੋਰ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫੋਰੈਂਸਿਕ ਟੀਮ ਵਲੋਂ ਵੀ ਘਟਨਾ ਵਾਲੀ ਜਗ੍ਹਾ 'ਤੇ ਇਸ ਕਤਲ ਸੰਬੰਧੀ ਸੈਂਪਲ ਇਕੱਠੇ ਕੀਤੇ ਜਾ ਰਹੇ ਹਨ | ਇਸ ਸੰਬੰਧੀ ਮਿ੍ਤਕ ਦੇ ਪਿਤਾ ਸ਼ੀਸ਼ਪਾਲ ਨੇ ਦੱਸਿਆ ਕਿ ਉਹ ਦਿਹਾੜੀਦਾਰ ਹਨ ਤੇ ਉਸ ਦਾ ਮਿ੍ਤਕ ਸਪੁੱਤਰ ਪਿੰਡ ਬਡਾਲਾ ਵਿਖੇ ਕਿਸੇ ਕਰਿਆਨਾ ਸਟੋਰ ਦੀ ਦੁਕਾਨ 'ਤੇ ਕੰਮ ਕਰ ਰਿਹਾ ਸੀ | ਥਾਣਾ ਸਦਰ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮੌਕੇ 'ਤੇ ਫੋਰੈਂਸਿਕ ਟੀਮ ਬੁਲਾ ਕੇ ਸੈਂਪਲ ਲਏ ਗਏ ਹਨ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਉਕਤ ਮਾਮਲੇ ਦੀ ਜਾਂਚ ਪੜਤਾਲ ਕਰਨ ਮਗਰੋਂ ਹੀ ਕਤਲ ਦੇ ਅਸਲ ਕਾਰਨਾਂ ਸੰਬੰਧੀ ਪਤਾ ਲੱਗ ਸਕੇਗਾ |
ਖਰੜ ਦੇ ਪਿੰਡ ਬਡਾਲੀ ਵਿਖੇ ਪ੍ਰਵਾਸੀ ਲੜਕੇ ਦਾ ਕਤਲ
ਅਜੀਤ ਡੈਸਕ
15-06-2026