ਲੁਧਿਆਣਾ, 22 ਜੂਨ (ਜਸਵਿੰਦਰ ਸਿੰਘ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਦੇਸ਼ ਦੀ ਪ੍ਰਤਿਸ਼ਠਾਵਾਨ ਸਿਵਲ ਸੇਵਾ ਪ੍ਰੀਖਿਆ ਪਾਸ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਭ ਤੋਂ ਵੱਡੀ ਲੋੜ ਸਮਾਜ ਦੇ ਪਛੜੇ ਅਤੇ ਗ਼ਰੀਬ ਵਰਗ ਨੂੰ ਮੁੱਖ ਧਾਰਾ ਨਾਲ ਜੋੜਨ ਦੀ ਹੈ। ਆਈ.ਏ.ਐਸ. ਤੇ ਆਈ.ਪੀ.ਐੱਸ. ਅਧਿਕਾਰੀਆਂ ਦਾ ਅਸਲ ਫ਼ਰਜ਼ ਕੇਵਲ ਪ੍ਰਸ਼ਾਸਨ ਚਲਾਉਣਾ ਨਹੀਂ, ਸਗੋਂ ਗ਼ਰੀਬਾਂ, ਮਜ਼ਦੂਰਾਂ ਅਤੇ ਦਿਹਾੜੀਦਾਰ ਪਰਿਵਾਰਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਵੀ ਹੈ । ਇਸ ਮੌਕੇ ਸੰਕਲਪ ਸਿਵਲ ਸਰਵਿਸਿਜ਼ ਸੰਸਥਾ ਦੇ ਸੰਸਥਾਪਕ ਸੰਤੋਸ਼ ਤਨੇਜਾ ਨੇ ਕਿਹਾ ਕਿ ਸੰਸਥਾ ਪਿਛਲੇ ਕਈ ਦਹਾਕਿਆਂ ਤੋਂ ਨਿਰਸਵਾਰਥ ਭਾਵਨਾ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਿਵਲ ਸੇਵਾ ਦੀ ਤਿਆਰੀ ਕਰਵਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਗਭਗ 10,000 ਵਿਦਿਆਰਥੀ ਸੰਕਲਪ ਰਾਹੀਂ ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਦੇਸ਼ ਦੇ ਉੱਚ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਸੰਕਲਪ ਲੁਧਿਆਣਾ ਦੇ ਚੇਅਰਮੈਨ ਨਰਿੰਦਰ ਮਿੱਤਲ ਨੇ ਦੱਸਿਆ ਕਿ ਇਸ ਸਾਲ ਪੰਜਾਬ ਦੇ 23 ਵਿਦਿਆਰਥੀਆਂ ਨੇ ਸਿਵਲ ਸੇਵਾ ਪ੍ਰੀਖਿਆ ਵਿਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਵਿਚੋਂ 21 ਸਫਲ ਉਮੀਦਵਾਰਾਂ ਨੂੰ ਅੱਜ ਵਿਸ਼ੇਸ਼ ਤੌਰ ’ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਮੰਚ ’ਤੇ ਮੌਜੂਦ ਸੰਜੀਵ ਕਾਲੜਾ, ਜਗਦੀਸ਼ ਸਿੰਘਲ ਅਤੇ ਡਾ. ਕਰੁਣੇਸ਼ ਗੁਪਤਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਜ ਦੇ ਪਛੜੇ ਤੇ ਗ਼ਰੀਬ ਵਰਗ ਨੂੰ ਮੁੱਖ ਧਾਰਾ ਨਾਲ ਜੋੜਨ ਦੀ ਲੋੜ-ਰਾਜਪਾਲ
ਅਜੀਤ ਡੈਸਕ
23-06-2026