ਖੰਨਾ, 24 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਪ੍ਰਮੁੱਖ ਭਾਜਪਾ ਨੇਤਾ ਗੁਰਪ੍ਰੀਤ ਸਿੰਘ ਭੱਟੀ ਅੱਜ ਅਕਾਲੀ ਦਲ ‘ਵਾਰਿਸ ਪੰਜਾਬ ਦੇ’, ਦੇ ਐਕਟਿੰਗ ਪ੍ਰਧਾਨ ਬਾਪੂ ਤਰਸੇਮ ਸਿੰਘ ਖ਼ਾਲਸਾ, ਵਿਧਾਇਕ ਤੇ ਸੀਨੀਅਰ ਨੇਤਾ ਮਨਪ੍ਰੀਤ ਸਿੰਘ ਇਯਾਲੀ, ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਪ੍ਰਮੁੱਖ ਨੇਤਾਵਾਂ ਜਥੇ. ਕਾਬਿਲ ਸਿੰਘ ਭੁੱਲਰ ਅਤੇ ਪ੍ਰਿਥੀਪਾਲ ਸਿੰਘ ਦੀ ਹਾਜ਼ਰੀ ਵਿਚ ਆਪਣੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋ ਗਏ। ਇਸ ਵੇਲੇ ਰੱਖੀ ਮੀਟਿੰਗ ਸੈਂਕੜੇ ਵਰਕਰਾਂ ਕਾਰਨ ਕਾਨਫ਼ਰੰਸ ਦਾ ਰੂਪ ਧਾਰ ਗਈ। ਗੌਰਤਲਬ ਹੈ ਕਿ ਗੁਰਪ੍ਰੀਤ ਸਿੰਘ ਭੱਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਨਪ੍ਰੀਤ ਸਿੰਘ ਬਾਦਲ ਨਾਲ ਮਿਲ ਕੇ ਪੀ. ਪੀ. ਪੀ. ਬਣਾਉਣ ਵਿਚ ਮੁੱਖ ਰੋਲ ਅਦਾ ਕੀਤਾ ਸੀ । 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਆਪ ਦੇ ਨੇਤਾ ਸੰਸਦ ਮੈਂਬਰ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਭੱਟੀ ਦੇ ਘਰ ਬੈਠ ਕੇ ਹੀ ਟਿਕਟਾਂ ਵੰਡਦੇ ਰਹੇ। ਭੱਟੀ ਕਿਸੇ ਵੇਲੇ ਪ੍ਰਕਾਸ਼ ਸਿੰਘ ਬਾਦਲ ਦੇ ਵੀ ਨਜ਼ਦੀਕੀ ਸਨ। ਭੱਟੀ ਦਾ ਫ਼ਤਿਹਗੜ੍ਹ ਸਾਹਿਬ ਅਤੇ ਖੰਨਾ ਵਿਚ ਵੱਡਾ ਪ੍ਰਭਾਵ ਹੈ । ਭੱਟੀ ਨੇ ਕਿਹਾ ਕਿ ਮੈਂ ਅਕਾਲੀ ਸੀ ਅਕਾਲੀ ਹਾਂ ਅਤੇ ਅਕਾਲੀ ਰਹਾਂਗਾ, ਮੇਰੀ ਖ਼ੁਸ਼ਨਸੀਬੀ ਹੈ ਕਿ ਮੈਨੂੰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਕੰਮ ਕਰਨ ਦਾ ਮੌਕਾ ਮਿਲਿਆ ਹੈ। ਮੈਂ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਮਨ ਬਣਾ ਚੁੱਕੇ ਹਨ ਕਿ 2027 ਵਿਚ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਪੰਜਾਬ ਨਾਲ ਵਫ਼ਾਦਾਰੀ ਕਰਨ ਵਾਲੇ ਲੋਕਾਂ ਦੀ ਸਰਕਾਰ ਕਾਇਮ ਕੀਤੀ ਜਾਵੇਗੀ। ਇਸ ਮੌਕੇ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਉੱਤਰਾਖੰਡ ਤੇ ਬਾਹਰਲੀਆਂ ਸਟੇਟਾਂ ਵਿਚ ਸਿੱਖਾਂ ਨਾਲ ਜੋ ਹੋ ਰਿਹਾ ਹੈ ਉਸ ਪ੍ਰਤੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਫ਼ਰਜ਼ ਨਹੀਂ ਨਿਭਾ ਰਹੇ। ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਚੁੱਕੇ ਹਨ। ਪੰਜਾਬ, ਅਕਾਲੀ ਦਲ ਅਤੇ ਪੰਥ ਨੂੰ ਬੁਰੇ ਦੌਰ ਵਿਚੋਂ ਬਾਹਰ ਕੱਢਣ ਲਈ ਤਿਆਗ ਦੀ ਭਾਵਨਾ ਦੇ ਨਾਲ ਕੰਮ ਕਰਨਾ ਪਵੇਗਾ। ਜੇਕਰ ਅਸੀਂ ਪੰਜਾਬ ਨਾਲ ਇਮਾਨਦਾਰੀ ਤੇ ਵਫ਼ਾਦਾਰੀ ਨਾ ਕੀਤੀ ਤਾਂ ਸਾਨੂੰ ਵੱਡੇ ਖ਼ਮਿਆਜ਼ੇ ਭੁਗਤਣੇ ਪੈਣਗੇ। ਇਸ ਮੌਕੇ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਬਹੁਤ ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਨੇਤਾ ਸਾਡੇ ਦਲ ਵਿਚ ਸ਼ਾਮਿਲ ਹੋਣ ਲਈ ਤਿਆਰ ਹਨ । ਇਸ ਮੌਕੇ ਬੋਲਣ ਵਾਲਿਆਂ ਵਿਚ ਸੀਨੀਅਰ ਆਗੂ ਕਾਬਲ ਸਿੰਘ ਭੁੱਲਰ, ਸੰਦੀਪ ਸਿੰਘ ਰੁਪਾਲੋਂ, ਪ੍ਰਿਥੀਪਾਲ ਸਿੰਘ ਬਟਾਲਾ ਆਦਿ ਸ਼ਾਮਿਲ ਸਨ। ਇਸ ਮੌਕੇ ਅਮਰਜੀਤ ਸਿੰਘ ਬਨਚੜੀ, ਹਰਭਜਨ ਸਿੰਘ ਤੁੜ, ਬੀਬੀ ਸੰਦੀਪ ਕੌਰ ਮਲੋਆ, ਜਸ਼ਨਦੀਪ ਸਿੰਘ ਸੰਧੂ, ਪ੍ਰਿਥੀਪਾਲ ਸਿੰਘ ਬਟਾਲਾ, ਗੁਰਮੁਖ ਸਿੰਘ ਪੂਰਬਾ, ਸੁਰਿੰਦਰਵੀਰ ਸਿੰਘ ਭੱਟੀਆਂ, ਗੁਰਜੀਤ ਸਿੰਘ ਢਿੱਲੋਂ, ਨਾਜ਼ਰ ਸਿੰਘ ਢਿੱਲੋਂ, ਗਗਨਦੀਪ ਸਿੰਘ ਪਾਇਲ, ਪਰਮਜੀਤ ਸਿੰਘ ਕੌੜੀ, ਕਰਨੈਲ ਸਿੰਘ ਬਰਮਾਲੀਪੁਰ, ਸਰਬਜੀਤ ਸਿੰਘ ਪੱਪੀ, ਬੀਬੀ ਰਾਜਵੰਤ ਕੌਰ ਘੜਾਮ, ਅਮਰਿੰਦਰ ਸਿੰਘ ਲਿਬੜਾ, ਵਰਿੰਦਰ ਸਿੰਘ ਢਿੱਲੋਂ, ਸਵਰਨ ਸਿੰਘ ਬਾਹੋਮਾਜਰਾ, ਰਾਜੀਵ ਕੁਮਾਰ ਲਵਲੀ ਹਾਜ਼ਰ ਸਨ।