ਦਰਿਆ ’ਚ ਪਾਣੀ ਦਾ ਪੱਧਰ ਵਧਿਆ-ਪਲਟੂਨ ਪੁਲ ਦਾ ਰੁੜ੍ਹਿਆ ਰੈਂਪ
ਪ੍ਰੋ: ਬਲਬੀਰ ਸਿੰਘ ਕੋਲਾ
ਬਹਿਰਾਮਪੁਰ, 29 ਜੂਨ-ਰਣਜੀਤ ਸਾਗਰ ਡੈਮ ’ਚੋਂ ਵਾਧੂ ਪਾਣੀ ਰਾਵੀ ਦਰਿਆ ’ਚ ਛੱਡੇ ਜਾਣ ਕਰਕੇ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਗਿਆ, ਜਿਸ ਨਾਲ ਰਾਵੀ ਦਰਿਆ ਦੇ ਪੱਤਨ ਮਕੌੜਾ ’ਤੇ ਬਣੇ ਪਲਟੂਨ ਪੁਲ ਦਾ ਰੈਂਪ ਪਾਣੀ ਵਿਚ ਰੁੜ੍ਹ ਗਿਆ । ਅਜਿਹੇ ਹਾਲਾਤਾਂ ਵਿਚ ਰਾਵੀ ਦਰਿਆ ਤੋਂ ਪਾਰ ਪੈਂਦੇ ਇਲਾਕੇ ਦੇ ਸੱਤ ਪਿੰਡਾਂ ਦਾ ਸੰਪਰਕ ਕੱਟਿਆ ਗਿਆ । ਇਸ ਸਬੰਧੀ ਪੱਤਨ ਮਕੌੜਾ ’ਤੇ ਮਲਾਹ ਦੀਆਂ ਸੇਵਾਵਾਂ ਨਿਭਾਅ ਰਹੇ ਨਛੱਤਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਬਿਨਾਂ ਸੂਚਿਤ ਕੀਤੇ ਦਰਿਆ ਵਿਚ ਪਾਣੀ ਛੱਡਿਆ ਗਿਆ ਤੇ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਕਰਕੇ ਪਲਟੂਨ ਪੁਲ ਦਾ ਪਾਰ ਵਾਲਾ ਮਿੱਟੀ ਨਾਲ ਬਣਾਇਆ ਰੈਂਪ ਪਾਣੀ ਵਿਚ ਰੁੜ੍ਹ ਗਿਆ, ਜਿਸ ਕਰਕੇ ਪਲਟੂਨ ਪੁਲ ਦੇ ਉਪਰ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ । ਪਲਟੂਨ ਪੁਲ ਦਾ ਰੈਂਪ ਰੁੜ੍ਹ ਜਾਣ ਕਰਕੇ ਦਰਿਆ ਪਾਰਲੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਆਰ ਪਾਰ ਲੰਘਾਉਣ ਲਈ ਬੇੜਾ ਚਲਾਇਆ ਜਾ ਰਿਹਾ ਹੈ । ਦਰਿਆ ਵਿਚ ਪਾਣੀ ਦਾ ਪੱਧਰ ਘੱਟ ਹੋਣ ’ਤੇ ਪਲਟੂਨ ਪੁਲ ਦਾ ਮਿੱਟੀ ਵਾਲਾ ਰੈਂਪ ਮੁੜ ਬਣਾ ਦਿੱਤਾ ਜਾਵੇਗਾ । ਰੈਂਪ ਬਣਨ ਤੱਕ ਲੋਕਾਂ ਨੂੰ ਦਰਿਆ ਤੋਂ ਆਰ ਪਾਰ ਲੰਘਾਉਣ ਲਈ ਬੇੜਾ ਵਰਤਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ।
ਰਣਜੀਤ ਸਾਗਰ ਡੈਮ ’ਚੋਂ ਅਚਾਨਕ ਰਾਵੀ ਦਰਿਆ ’ਚ ਛੱਡਿਆ ਪਾਣੀ
ਅਜੀਤ ਡੈਸਕ
30-06-2026