ਨਵੀਂ ਦਿੱਲੀ, 3 ਜੁਲਾਈ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸੋਨਮ ਰਘੂਵੰਸ਼ੀ ਦੀ ਜ਼ਮਾਨਤ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਸ਼ੀਲ ਨਾਗੂ ਦੀ ਬੈਂਚ ਨੇ ਸੋਨਮ ਨੂੰ ਰਾਹਤ ਦੇਣ ਵਾਲੇ ਹਾਈ ਕੋਰਟ ਦੇ ਹੁਕਮ ’ਤੇ ਇਤਰਾਜ਼ ਜਤਾਇਆ। ਇਸ ਦੇ ਬਾਵਜੂਦ ਅਦਾਲਤ ਨੇ ਜ਼ਮਾਨਤ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸੋਨਮ ਦੇ ਵਕੀਲ ਨੇ ਦੱਸਿਆ ਕਿ ਉਹ ਜੇਲ੍ਹ ਤੋਂ ਰਿਹਾਅ ਹੋ ਚੁੱਕੀ ਹੈ। ਸੋਨਮ ’ਤੇ ਪਿਛਲੇ ਸਾਲ ਮੇਘਾਲਿਆ ਵਿਚ ਹਨੀਮੂਨ ਦੌਰਾਨ ਆਪਣੇ ਪਤੀ ਰਾਜਾ ਰਘੁਵੰਸ਼ੀ ਦੀ ਹੱਤਿਆ ਦਾ ਦੋਸ਼ ਹੈ। ਜਸਟਿਸ ਸੁੰਦਰੇਸ਼ ਨੇ ਕਿਹਾ ਕਿ ਅਦਾਲਤ ਸ਼ੁਰੂ ’ਚ ਹਾਈ ਕੋਰਟ ਦੇ ਹੁਕਮ ’ਤੇ ਰੋਕ ਲਗਾਉਣਾ ਚਾਹੁੰਦੀ ਸੀ, ਪਰ ਦੋਸ਼ੀ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋ ਚੁੱਕੀ ਸੀ। ਇਸ ਤੋਂ ਪਹਿਲਾਂ, ਮੇਘਾਲਿਆ ਹਾਈ ਕੋਰਟ ਨੇ, ਸ਼ਿਲਾਂਗ ਅਦਾਲਤ ਦੇ ਅਪ੍ਰੈਲ ਵਾਲੇ ਆਦੇਸ਼ ਨੂੰ ਸਹੀ ਠਹਿਰਾਇਆ ਸੀ, ਜਿਸ ਵਿਚ ਸੋਨਮ ਰਘੂਵੰਸ਼ੀ ਨੂੰ ਜ਼ਮਾਨਤ ਦਿੱਤੀ ਗਈ ਸੀ, ਰਾਜ ਸਰਕਾਰ ਨੇ ਇਸ ਫ਼ਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ।ਸੁਣਵਾਈ ਦੌਰਾਨ, ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ ਕਿ ਉਹ ਪਹਿਲਾਂ ਮੁਕੱਦਮੇ ਦੀ ਪ੍ਰਗਤੀ ਦੀ ਨਿਗਰਾਨੀ ਕਰੇਗੀ। ਅਦਾਲਤ ਨੇ ਮੇਘਾਲਿਆ ਸਰਕਾਰ ਦੀ ਪਟੀਸ਼ਨ ’ਤੇ ਰਘੂਵੰਸ਼ੀ ਨੂੰ ਨੋਟਿਸ ਵੀ ਜਾਰੀ ਕੀਤਾ।