12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

1991 ਦਾ ਦੌਰ ਯਾਦ ਕਰਦਿਆਂ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ-ਪਰਿਵਾਰ

Ad Position 21
No active advertisement
ਅਜੀਤ ਡੈਸਕ 05-07-2026

-ਸੂਬਾ ਸਿੰਘ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਪਹਿਲਾਂ ਹੀ ਸੁਣਾਈ ਜਾ ਚੁੱਕੀ ਹੈ ਸਜ਼ਾ

ਤਰਨ ਤਾਰਨ, 4 ਜੁਲਾਈ (ਹਰਿੰਦਰ ਸਿੰਘ)-ਖਾੜਕੂਵਾਦ ਦੇ ਦੌਰ ਸਮੇਂ ਤਰਨ ਤਾਰਨ ਦੇ ਪਿੰਡ ਮਾਲੂਵਾਲ ਸੰਤਾਂ ਦੇ ਨਿਵਾਸੀ ਬਲਜੀਤ ਸਿੰਘ ਨੂੰ ਤਿੰਨ ਦਹਾਕੇ ਪਹਿਲਾਂ ਗੈਰ-ਕਾਨੂੰਨੀ ਤਰੀਕੇ ਨਾਲ ਅਗਵਾ ਕਰਨ, ਨਾਜਾਇਜ਼ ਹਿਰਾਸਤ ਵਿਚ ਰੱਖ ਕੇ ਤਸ਼ੱਦਦ ਕਰਨ ਅਤੇ ਲਾਪਤਾ ਕਰਨ ਦੇ ਦੋਸ਼ ਵਿਚ ਸੀ.ਬੀ.ਆਈ. ਮੁਹਾਲੀ ਦੀ ਅਦਾਲਤ ਨੇ ਇਸ ਕੇਸ ਵਿਚ ਭਗੌੜੇ ਕਰਾਰ ਦਿੱਤੇ ਪੰਜਾਬ ਪੁਲਿਸ ਦੇ ਸਾਬਕਾ ਏ.ਐੱਸ.ਆਈ. ਕਸ਼ਮੀਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਕੈਦ ਸੁਣਾਈ ਹੈ। ਕਸ਼ਮੀਰ ਸਿੰਘ ਨੂੰ ਸੀ.ਬੀ.ਆਈ. ਵਲੋਂ ਇਸ ਕੇਸ ਵਿਚ ਨਵੰਬਰ 2025 ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਦਾਲਤੀ ਹੁਕਮਾਂ ਤੋਂ ਬਾਅਦ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਮੁਲਾਜ਼ਮ ਕਸ਼ਮੀਰ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਲਜੀਤ ਸਿੰਘ ਦੇ ਉਕਤ ਮਾਮਲੇ ਵਿਚ ਸੀ.ਬੀ.ਆਈ. ਦੀ ਅਦਾਲਤ ਵਲੋਂ 29 ਮਾਰਚ 2023 ਨੂੰ ਵੱਡਾ ਫੈਸਲਾ ਸੁਣਾਉਂਦਿਆਂ ਉਸ ਸਮੇਂ ਦੇ ਐੱਸ.ਐੱਚ.ਓ. ਸੂਬਾ ਸਿੰਘ, ਪੁਲਿਸ ਮੁਲਾਜ਼ਮ ਦਲਬੀਰ ਸਿੰਘ ਅਤੇ ਰਵੇਲ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 5-5 ਸਾਲ ਦੀ ਸਜ਼ਾ ਸੁਣਾਈ ਗਈ ਸੀ। ਜੇਲ੍ਹ ਵਿਚ ਸੂਬਾ ਸਿੰਘ ਦੀ ਮੌਤ ਹੋ ਚੁੱਕੀ ਹੈ, ਜਦਕਿ ਦਲਬੀਰ ਸਿੰਘ ਅਤੇ ਰਵੇਲ ਸਿੰਘ ਜਮਾਨਤ ’ਤੇ ਬਾਹਰ ਹਨ। ਇਸ ਮਾਮਲੇ ਵਿਚ ਬਲਜੀਤ ਸਿੰਘ ਦੇ ਪਰਿਵਾਰ ਵਲੋਂ ਉੱਚ ਅਦਾਲਤ ਵਿਚ ਪੁਲਿਸ ਮੁਲਾਜ਼ਮਾਂ ਦੀ ਸਜ਼ਾ ਹੋਰ ਵਧਾਉਣ ਲਈ ਅਪੀਲ ਦਾਇਰ ਕੀਤੀ ਗਈ ਹੈ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਬਲਜੀਤ ਸਿੰਘ ਦੇ ਭਰਾ ਪ੍ਰਮਜੀਤ ਸਿੰਘ ਵਾਸੀ ਮਾਲੂਵਾਲ ਸੰਤਾਂ ਨੇ ਦੱਸਿਆ ਕਿ 7 ਅਗਸਤ, 1991 ਦਾ ਦਿਨ ਯਾਦ ਕਰਕੇ ਉਨ੍ਹਾਂ ਦੇ ਰੌਂਗਟੇ ਖੜੇ ਹੋ ਜਾਂਦੇ ਹਨ, ਜਿਸ ਸਮੇਂ ਉਸ ਨੂੰ ਅਤੇ ਉਸ ਦੇ ਭਰਾ ਬਲਜੀਤ ਸਿੰਘ ਨੂੰ ਝਬਾਲ ਬੱਸ ਅੱਡੇ ਤੋਂ ਝਬਾਲ ਪੁਲਿਸ ਨੇ ਚੁੱਕ ਲਿਆ ਸੀ। ਉਸ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ ਪਰ ਬਲਜੀਤ ਸਿੰਘ ਨੂੰ ਉਸ ਸਮੇਂ ਦੇ ਐੱਸ.ਐੱਚ.ਓ. ਸੂਬਾ ਸਿੰਘ ਜੋ ਕਿ ‘ਸੂਬਾ ਸਰਹੰਦ’ ਦੇ ਨਾਂਅ ਨਾਲ ਆਪਣਾ ਖੌਫ਼ ਲੋਕਾਂ ਵਿਚ ਰੱਖਦਾ ਸੀ, ਨੇ 10 ਦਿਨ ਥਾਣੇ ਵਿਚ ਰੱਖਿਆ ਅਤੇ ਉਸ ਉਪਰ ਅੰਨਾ ਤਸ਼ੱਦਦ ਕੀਤਾ। ਉਸ ਦਾ ਪਿਤਾ ਹਰੀ ਸਿੰਘ ਫ਼ੌਜ ਵਿਚੋ ਸੇਵਾਮੁਕਤ ਸੀ ਅਤੇ ਉਸ ਦਾ ਭਰਾ ਗੁਰਭਾਗ ਸਿੰਘ ਵੀ ਫ਼ਜੀ ਸੀ। ਇਹ ਮਾਮਲਾ ਉਨ੍ਹਾਂ ਵਲੋਂ ਫ਼ੌਜ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਫ਼ੌਜ ਦੇ ਅਧਿਕਾਰੀ ਵੀ ਬਲਜੀਤ ਸਿੰਘ ਬਾਰੇ ਪਤਾ ਕਰਦੇ ਰਹੇ ਪਰ ਪੁਲਿਸ ਨੇ ਉਨ੍ਹਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ। ਇਥੋਂ ਤੱਕ ਕਿ ਉਸ ਨੂੰ ਵੀ ਪੁਲਿਸ ਨੇ ਨਾਜਾਇਜ਼ ਚੁੱਕ ਕੇ ਥਾਣੇ ਵਿਚ ਬੰਦ ਕਰ ਦਿੱਤਾ ਅਤੇ ਤਸ਼ੱਦਦ ਕੀਤਾ। ਪਰਮਜੀਤ ਸਿੰਘ ਅਨੁਸਾਰ ਉਸ ਸਮੇਂ ਅਸਾਮ ਰੈਜੀਮੈਂਟ ਦੇ ਕਰਨਲ ਐੱਮ.ਐੱਸ. ਕੋਚਰ ਨੇ ਫ਼ੌਜ ਦੀ ਮਦਦ ਨਾਲ ਥਾਣਾ ਝਬਾਲ ਨੂੰ ਘੇਰ ਕੇ ਉਸ ਨੂੰ ਪੁਲਿਸ ਹਿਰਾਸਤ ਵਿਚੋਂਂ ਛੁਡਾਇਆ, ਨਹੀਂ ਤਾਂ ਪੁਲਿਸ ਨੇ ਉਸ ਨੂੰ ਵੀ ਲਾਪਤਾ ਕਰ ਦੇਣਾ ਸੀ। ਉਹ ਸਾਰਾ ਪਰਿਵਾਰ ਬਲਜੀਤ ਸਿੰਘ ਦੀ ਭਾਲ ਕਰਦੇ ਰਹੇ ਪਰ ਪੁਲਿਸ ਨੇ ਉਨ੍ਹਾਂ ਬਾਰੇ ਕੁਝ ਨਹੀਂ ਦੱਸਿਆ। ਆਖੀਰ ਉਨ੍ਹਾਂ ਨੇ 1997 ਵਿਚ ਜਸਟਿਸ ਅਜੀਤ ਸਿੰਘ ਬੈਂਸ ਰਾਹੀਂ ਰਿੱਟ ਦਾਇਰ ਕੀਤੀ ਅਤੇ ਅਦਾਲਤ ਦੇ ਹੁਕਮਾਂ ਤਹਿਤ ਸੀ.ਬੀ.ਆਈ.ਵਲੋਂ ਉਸ ਸਮੇਂ ਦੇ ਐੱਸ.ਐੱਚ.ਓ. ਸੂਬਾ ਸਿੰਘ, ਦਲਬੀਰ ਸਿੰਘ, ਰਵੇਲ ਸਿੰਘ ਅਤੇ ਕਸ਼ਮੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਕੇਸ ਦਰਜ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਪੁਲਿਸ ਵਲੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। 2001 ਤੋਂ 2016 ਤੱਕ ਉੱਚ ਅਦਾਲਤਾਂ ਵਿਚ ਇਸ ਕੇਸ ਦਾ ਸਟੇਅ ਚੱਲਦਾ ਰਿਹਾ। ਕਈ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਗਵਾਹੀਆਂ ਤੋਂ ਮੁਕਰਨ ਲਈ ਕਿਹਾ ਗਿਆ, ਕਈਆਂ ਵਲੋਂ ਉਨ੍ਹਾਂ ਨੂੰ ਡਰਾਇਆ-ਧਮਕਾਇਆ ਵੀ ਗਿਆ। ਉਨ੍ਹਾਂ ਕਿਹਾ ਕਿ 29 ਮਾਰਚ 2023 ਨੂੰ ਸੀ.ਬੀ.ਆਈ. ਦੀ ਅਦਾਲਤ ਵਲੋਂ ਐੱਸ.ਐੱਚ.ਓ. ਸੂਬਾ ਸਿੰਘ, ਦਲਬੀਰ ਸਿੰਘ ਅਤ ਰਵੇਲ ਸਿੰਘ ਨੂੰ ਉਸਦੇ ਭਰਾ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ ਸੀ ਪਰ ਪੁਲਿਸ ਮੁਲਾਜ਼ਮ ਕਸ਼ਮੀਰ ਸਿੰਘ ਇਸ ਕੇਸ ਵਿਚੋਂ ਭਗੌੜਾ ਹੋ ਗਿਆ ਸੀ, ਜਿਸ ’ਤੇ ਅਦਾਲਤ ਨੇ ਕਸ਼ਮੀਰ ਸਿੰਘ ਬਾਰੇ ਫੈਸਲਾ ਰਾਖਵਾਂ ਰੱਖ ਕੇ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੇਸ ਦੀ ਬਾਕੀ ਸੁਣਵਾਈ ਬਾਰੇ ਹੁਕਮ ਜਾਰੀ ਕੀਤੇ ਸਨ। ਕਸ਼ਮੀਰ ਸਿੰਘ ਨੂੰ ਨਵੰਬਰ 2025 ਵਿਚ ਸੀ.ਬੀ.ਆਈ. ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਇਸ ਮਾਮਲੇ ਦੇ ਹੋਏ ਫੈਸਲੇ ਵਿਚ ਕਸ਼ਮੀਰ ਸਿੰਘ ਨੂੰ ਵੀ ਅਦਾਲਤ ਨੇ ਦੋਸ਼ੀ ਮੰਨਿਆ ਹੈ ਅਤੇ ਉਸ ਨੂੰ 5 ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾੜੇ ਦੌਰ ਵਿਚ ਜਿਥੇ ਉਨ੍ਹਾਂ ਨੇ ਆਪਣੇ ਭਰਾ ਬਲਜੀਤ ਸਿੰਘ ਨੂੰ ਗੁਆ ਲਿਆ, ਉਥੇ ਉਸ ਦੀ ਪਤਨੀ ਬਲਬੀਰ ਕੌਰ ਵੀ ਆਪਣੇ ਪਤੀ ਨੂੰ ਜਿਉਂਦੇ ਜੀਅ ਲਾਪਤਾ ਕਰਕੇ ਮਾਰ ਖਪਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਲਾਖ਼ਾ ਦੇ ਪਿੱਛੇ ਦੇਖਣਾ ਚਾਹੁੰਦੀ ਸੀ ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ, ਕਿਉਂਕਿ ਦਲਬੀਰ ਕੌਰ ਦੀ ਤਿੰਨ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਇੱਛਾ ਹੈ ਕਿ ਉਕਤ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਸਜ਼ਾ ਮਿਲੇ। ਇਸ ਲਈ ਉਨ੍ਹਾਂ ਨੇ ਆਪਣੇ ਵਕੀਲਾਂ ਰਾਹੀਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਸਜ਼ਾ ਨੂੰ ਹੋਰ ਵਧਾਉਣ ਲਈ ਉੱਚ ਅਦਾਲਤ ਵਿਚ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਜਿਥੇ ਸੀ.ਬੀ.ਆਈ. ਅਦਾਲਤ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਸੀਨੀਅਰ ਆਰ.ਐੱਸ. ਬੈਂਸ ਅਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਨਾਲ ਮਿਲ ਕੇ ਇਹ ਲੜਾਈ ਲੜੀ ਅਤੇ ਸਾਰਾ ਕੇਸ ਬਿਨਾਂ ਪੈਸੇ ਲੜਿਆ, ਜਿਸ ਲਈ ਉਨ੍ਹਾਂ ਦਾ ਪਰਿਵਾਰ ਇਨ੍ਹਾਂ ਦਾ ਸਦਾ ਧੰਨਵਾਦੀ ਰਹੇਗਾ।

Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਅਦਾਲਤ ਵਲੋਂ ਵੱਡੀ ਰਾਹਤ, ਪੱਕੀ ਜ਼ਮਾਨਤ ਮਨਜ਼ੂਰ ਅਗਲੀ ਖ਼ਬਰ 1991 ਦਾ ਫਰਜ਼ੀ ਪੁਲਿਸ ਮੁਕਾਬਲਾ-ਹੈੱਡ ਕਾਂਸਟੇਬਲ ਕਸ਼ਮੀਰ ਸਿੰਘ ਨੂੰ 5 ਸਾਲਾਂ ਦੀ ਸਖ਼ਤ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨਾ
Ad Position 24