ਚੋਣ ਡਿਊਟੀ ਨਿਭਾਅ ਰਹੇ ਬੀ.ਐਲ.ਓਜ਼ ਨਾਲ ਬਦਸਲੂਕੀ ਬਰਦਾਸ਼ਤ ਨਹੀਂ-ਅਨੰਦਿਤਾ ਮਿਤਰਾ
ਚੰਡੀਗੜ੍ਹ, 7 ਜੁਲਾਈ (ਪ੍ਰੋ. ਅਵਤਾਰ ਸਿੰਘ)-ਪੰਜਾਬ ‘ਚ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) ਮੁਹਿੰਮ ਦੌਰਾਨ ਬੂਥ ਲੈਵਲ ਅਧਿਕਾਰੀਆਂ (ਬੀ.ਐਲ.ਓਜ਼.) ਨਾਲ ਦੁਰਵਿਹਾਰ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿਤਰਾ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰੀ ਡਿਊਟੀ ਨਿਭਾਅ ਰਹੇ ਬੀ.ਐਲ.ਓਜ਼ ਨਾਲ ਕਿਸੇ ਵੀ ਤਰ੍ਹਾਂ ਦੀ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪਟਿਆਲਾ ਅਤੇ ਬਰਨਾਲਾ ‘ਚ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ ਦੇ ਸੰਬੰਧ ਵਿਚ ਪੁਲਿਸ ਵਲੋਂ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, ਜਦਕਿ ਸੂਬੇ ਦੇ ਸਮੂਹ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਬੀ.ਐਲ.ਓਜ਼ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਪਟਿਆਲਾ ਦੇ ਆਨੰਦ ਨਗਰ ਇਲਾਕੇ ਵਿਚ ਬੂਥ ਨੰਬਰ 113 ਦੇ ਬੀ.ਐਲ.ਓ. ‘ਤੇ ਉਸ ਵੇਲੇ ਹਮਲਾ ਕੀਤਾ ਗਿਆ, ਜਦੋਂ ਉਹ ਵਿਸ਼ੇਸ਼ ਗਹਿਰੀ ਸੁਧਾਈ ਪ੍ਰਕਿਰਿਆ ਤਹਿਤ ਵੋਟਰਾਂ ਤੋਂ ਲੋੜੀਂਦੇ ਵੇਰਵੇ ਇਕੱਠੇ ਕਰ ਰਹੇ ਸਨ। ਇਸ ਮਾਮਲੇ ਵਿਚ ਥਾਣਾ ਤ੍ਰਿਪੜੀ ਪੁਲਿਸ ਨੇ ਐਫ.ਆਈ.ਆਰ. ਦਰਜ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਖੇਤਰ ਅਧੀਨ ਅਕਾਲਗੜ੍ਹ ਕੋਠੇ ਦੇ ਬੂਥ ਨੰਬਰ 103 ਦੇ ਬੀ.ਐਲ.ਓ. ਨਾਲ ਵੀ ਐਸ.ਆਈ.ਆਰ. ਮੁਹਿੰਮ ਦੌਰਾਨ ਇਕ ਸਥਾਨਕ ਵਿਅਕਤੀ ਵਲੋਂ ਗਾਲੀ-ਗਲੌਚ ਕਰਨ ਦੇ ਨਾਲ ਹਮਲਾ ਕੀਤਾ ਗਿਆ। ਇਸ ਸੰਬੰਧੀ ਧਨੌਲਾ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ।ਅਨੰਦਿਤਾ ਮਿਤਰਾ ਨੇ ਕਿਹਾ ਕਿ ਬੂਥ ਲੈਵਲ ਅਧਿਕਾਰੀ ਚੋਣ ਪ੍ਰਕਿਰਿਆ ਦਾ ਅਹਿਮ ਹਿੱਸਾ ਹਨ ਅਤੇ ਉਹ ਲੋਕਤੰਤਰੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐਸ.ਆਈ.ਆਰ. ਮੁਹਿੰਮ ਦੌਰਾਨ ਬੀ.ਐਲ.ਓਜ਼ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਉਹ ਨਿਰਭੈ ਹੋ ਕੇ ਆਪਣੀ ਡਿਊਟੀ ਨਿਭਾਅ ਸਕਣ।
ਬੀ. ਐਲ. ਓਜ਼ ਨਾਲ ਦੁਰਵਿਹਾਰ ਸੰਬੰਧੀ ਪਟਿਆਲਾ ਤੇ ਬਰਨਾਲਾ ’ਚ ਐਫ. ਆਈ. ਆਰ.
ਅਜੀਤ ਡੈਸਕ
08-07-2026