ਚੰਡੀਗੜ੍ਹ, 7 ਜੁਲਾਈ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਅਤੇ ਸਰਵਣ ਸਿੰਘ ਫਿਲੌਰ ਨੇ ਇਕ ਸਾਂਝੇ ਬਿਆਨ ਵਿਚ ਦੋਸ਼ ਲਗਾਇਆ ਕਿ ‘ਸਤਲੁਜ’ ਫਿਲਮ ਦਾ ਰੋਕਿਆ ਜਾਣਾ ਦੇਸ਼ ਵਿਚ ਅਣ-ਐਲਾਨੀ ਸੈਂਸਰਸ਼ਿਪ ਦਾ ਪ੍ਰਤੀਕ ਹੈ। ਦੋਵਾਂ ਆਗੂਆਂ ਨੇ ਕਿਹਾ ਕਿ ‘ਪੰਜਾਬ 95’ ਨਾਂਅ ਹੇਠ ਬਣੀ ਫਿਲਮ ਪੰਜਾਬ ਵਿਚ ਵਾਪਰੀਆਂ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਹੈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖ ਅਧਿਕਾਰ ਵਿੰਗ ਦੇ ਜਰਨਲ ਸਕੱਤਰ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ਨੂੰ ਬਿਆਨਿਆ ਗਿਆ ਹੈ। 2022 ਤੋਂ ਲੈ ਕੇ ਹੁਣ ਤੱਕ ਸੈਂਸਰ ਬੋਰਡ ਕੋਲ ਪਈ ਇਹ ਫਿਲਮ ਸਿਨੇਮਾ ਘਰਾਂ ਵਿਚ ਇਸ ਲਈ ਰਿਲੀਜ਼ ਨਹੀਂ ਹੋ ਸਕੀ, ਕਿਉਂਕਿ ਬੋਰਡ ਫਿਲਮ ਵਿਚ 127 ਬਦਲਾਅ ਚਾਹੁੰਦਾ ਸੀ। ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇ ਫਿਲਮ ਵਿਚ ਏਨੀ ਵੱਡੀ ਪੱਧਰ ‘ਤੇ ਬਦਲਾਅ ਕੀਤੇ ਜਾਣ ਤਾਂ ਉਸ ਦਾ ਮੂਲ ਤੱਤ ਹੀ ਨਸ਼ਟ ਹੋ ਜਾਵੇਗਾ। ਹੁਣ ਜੇ ਨਾਂਅ ਬਦਲ ਕੇ ਫਿਲਮ ਓ.ਟੀ.ਟੀ. ‘ਤੇ ਰਿਲੀਜ਼ ਕੀਤੀ ਗਈ ਸੀ ਤਾਂ ਉਸ ਨੂੰ 48 ਘੰਟਿਆਂ ਵਿਚ ਹੀ ਮਿਟਾ ਦੇਣਾ ਸਾਬਤ ਕਰਦਾ ਹੈ ਕਿ ਜੋ ਸਰਕਾਰਾਂ ਸਾਡੇ ‘ਤੇ ਹੋਏ ਜੁਲਮ ਨੂੰ ਸਾਹਮਣੇ ਵੀ ਨਹੀਂ ਆਉਣ ਦੇਣਾ ਚਾਹੁੰਦੀਆਂ, ਉਹ ਸਾਡੇ ਜ਼ਖਮਾਂ ‘ਤੇ ਇਨਸਾਫ ਦਾ ਮੱਲ੍ਹਮ ਕਦੋਂ ਲਾਉਣਗੀਆਂ?
‘ਸਤਲੁਜ’ ਨੂੰ ਓ.ਟੀ.ਟੀ. ਤੋਂ ਹਟਾਉਣਾ ਅਣ-ਐਲਾਨੀ ਸੈਂਸਰਸ਼ਿਪ- ਢੀਂਡਸਾ, ਫਿਲੌਰ
ਅਜੀਤ ਡੈਸਕ
08-07-2026