ਮਲੇਰਕੋਟਲਾ, 10 ਜੁਲਾਈ (ਮੁਹੰਮਦ ਹਨੀਫ਼ ਥਿੰਦ)-ਪੰਜਾਬ ਦੇ ਇਕਲੌਤੇ ਮੁਸਲਿਮ ਵਿਧਾਇਕ ਜੋ ਆਪਣੇ ਦਫ਼ਤਰ ਆਏ ਹਰ ਫਰਦ ਅਤੇ ਵਫ਼ਦ ਦਾ ਕੰਮ ਮੌਕੇ ’ਤੇ ਕਰਵਾਕੇ ਭੇਜਦੇ ਹਨ। ਇਸ ਦਾ ਮੰਜ਼ਰ ਅੱਜ ਮੁਸਲਿਮ ਭਾਈਚਾਰੇ ਦੇ ਵਫ਼ਦ ਨੇ ਵੀ ਦੇਖਿਆ, ਜਦੋਂ ਲੰਬੇ ਸਮੇਂ ਤੋਂ ਉਲਝਿਆ ਹਿਬਾਨਾਮਾ ਦਾ ਮਾਮਲਾ ਉਨ੍ਹਾਂ ਮਿੰਟਾਂ ਵਿਚ ਹੱਲ ਕਰਕੇ ਸ਼ਹਿਰ ਵਾਸੀਆਂ ਨੂੰ ਖੁਸ਼ ਕਰ ਦਿੱਤਾ। ਇਸ ਤਹਿਤ ਵਿਧਾਇਕ ਮਲੇਰਕੋਟਲਾ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵਿਖੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਮੁਹੰਮਦ ਜਮੀਲ ਐਡਵੋਕੇਟ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁਸਲਿਮ ਭਾਈਚਾਰੇ ਨੂੰ ਹਿਬਾਨਾਮਾ ਵਿਚ ਦਿੱਤੀ ਅਸ਼ਟਾਮ ਦੀ ਛੋਟ ਕਾਫੀ ਸਮੇਂ ਤੋਂ ਦਫ਼ਤਰੀ ਅੜਚਨਾਂ ਕਾਰਨ ਬੰਦ ਸੀ । ਇਸ ਲਈ ਮੁਸਲਿਮ ਭਾਈਚਾਰੇ ਦਾ ਇਕ ਵਫ਼ਦ ਵਿਧਾਇਕ ਮਲੇਰਕੋਟਲਾ ਨੂੰ ਮਿਲਿਆ ਅਤੇ ਹਿਬਾਨਾਮਾ ਸੰਬੰਧੀ ਜਾਣਕਾਰੀ ਦਿੱਤੀ ।ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਤੁਰੰਤ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਾਮਲਾ ਸੁਲਝਾਇਆ ਅਤੇ ਹਿਬਾਨਾਮਾ ਚਾਲੂ ਕਰਵਾ ਦਿਤਾ । ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕੇ ਦੇ ਕਿਸੇ ਵੀ ਸਮੱਸਿਆ ਦੇ ਹੱਲ ਲਈ ਮੇਰੇ ਦਫ਼ਤਰ ਦੇ ਦਰਵਾਜ਼ੇ ਹਰ ਸਮੇਂ ਖੁੱਲੇ ਹਨ। ਮੈਂ ਹਲਕੇ ਦੇ ਲੋਕਾਂ ਦੀ ਸੇਵਾ ਲਈ ਦਿਨ-ਰਾਤ ਹਾਜ਼ਰ ਹਾਂ। ਇਸ ਮੌਕੇ ਮੌਜੂਦ ਮੁਹੰਮਦ ਸ਼ਮਸ਼ਾਦ ਸਾਬਕਾ ਕੌਂਸਲਰ, ਇਰਸ਼ਾਦ ਅਹਿਮਦ, ਮੁਹੰਮਦ ਸਾਬਰ ਬੂੰਦੂ, ਮੁਹੰਮਦ ਅਨਵਰ (ਸਾਰੇ ਵਸੀਕਾ ਨਵੀਸ), ਹਾਜੀ ਮੁਹੰਮਦ ਨਸੀਰ ਭੋਲਾ ਨੰਬਰਦਾਰ, ਅਹਿਮਦ ਕਾਲਾ, ਮੁਹੰਮਦ ਯਾਸੀਨ ਢੋਟ, ਕਾਰੀ ਮੁਹੰਮਦ ਬਸ਼ੀਰ, ਸਲਾਮਦੀਨ ਕਿਲਾ, ਚੌਧਰੀ ਅਬਦੁਲ ਗਫੂਰ ਬਨਭੌਰਾ, ਅਹਿਮਦੀਨ ਬੂਟਾ, ਮੁਹੰਮਦ ਅਸ਼ਰਫ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਨੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦਾ ਧੰਨਵਾਦ ਕੀਤਾ।