ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਰਾਸ਼ਟਰ ਗਾਣ ਅਤੇ ਰਾਸ਼ਟਰੀ ਗੀਤ ਗਾਉਣ ਤੇ ਵਜਾਉਣ ਨਾਲ ਜੁੜੇ ਨਿਯਮਾਂ ਨੂੰ ਮੁੜ ਤੋਂ ਦੁਹਰਾਉਂਦੇ ਹੋਏ ਨਵਾਂ ਆਦੇਸ਼ ਜਾਰੀ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਸਾਰੀਆਂ ਰਾਜ ਸਰਕਾਰਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਤੇ ਕੇਂਦਰੀ ਮੰਤਰਾਲਿਆਂ ਨੂੰ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ। ਦਰਅਸਲ 9 ਜੁਲਾਈ ਨੂੰ ਜਾਰੀ ਇਕ ਪੱਤਰ ’ਚ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਆਦੇਸ਼ਾਂ ’ਚ ਉਨ੍ਹਾਂ ਮੌਕਿਆਂ ਦੀ ਜਾਣਕਾਰੀ ਦਿੱਤੀ ਹੈ ਜਦੋਂ ਰਾਸ਼ਟਰੀ ਗੀਤ ਤੇ ਰਾਸ਼ਟਰ ਗਾਣ ਨੂੰ ਗਾਉਣਾ ਜਾਂ ਵਜਾਉਣਾ ਜ਼ਰੂਰੀ ਹੋਵੇਗਾ। ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਜਦੋਂ ਵੀ ਦੋਵਾਂ ਨੂੰ ਇਕੱਠੇ ਪੇਸ਼ ਕੀਤਾ ਜਾਵੇ ਤਾਂ ਪਹਿਲਾਂ ਰਾਸ਼ਟਰੀ ਗੀਤ ਅਤੇ ਉਸ ਦੇ ਬਾਅਦ ਰਾਸ਼ਟਰ ਗਾਣ ਗਾਇਆ ਜਾਂ ਵਜਾਇਆ ਜਾਣਾ ਚਾਹੀਦਾ ਹੈ। ਮੰਤਰਾਲੇ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਰਾਜਾਂ ’ਚ ਰਾਜ-ਗੀਤ ਵੀ ਗਾਇਆ ਜਾਂਦਾ ਹੈ ਤਾਂ ਉਥੇ ਰਾਸ਼ਟਰੀ ਗੀਤ ਅਤੇ ਰਾਸ਼ਟਰ ਗਾਣ ਦੇ ਨਾਲ ਰਾਜ-ਗੀਤ ਵੀ ਗਾਇਆ ਤੇ ਵਜਾਇਆ ਜਾਂਦਾ ਹੈ। ਮੰਤਰਾਲੇ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਰਾਸ਼ਟਰੀ ਗੀਤ ਅਤੇ ਰਾਸ਼ਟਰ ਗਾਣ ਨੂੰ ਗਾਉਂਦੇ ਜਾਂ ਵਜਾਉਂਦੇ ਸਮੇਂ ਉਨ੍ਹਾਂ ਦੇ ਸਹੀ ਸ਼ਬਦਾਂ, ਲਿਖਾਵਟ, ਉਚਾਰਨ ਤੇ ਬੋਲ੍ਹਣ ਦੇ ਤਰੀਕਿਆਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।