ਅੰਮ੍ਰਿਤਸਰ, 11 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਲਕੇ ਹੋਣ ਜਾ ਰਹੀ 51ਵੀਂ ਕਾਨਵੋਕੇਸ਼ਨ ਦੇ ਮੱਦੇਨਜ਼ਰ ਅੱਜ ਸਮਾਗਮ ਦੀ ਰਿਹਰਸਲ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ ‘ਚ ਰਿਹਰਸਲ ਦੌਰਾਨ ਕਨਵੋਕੇਸ਼ਨ ਨਾਲ ਸੰਬੰਧਿਤ ਸਾਰੀਆਂ ਰਸਮਾਂ ਅਤੇ ਪ੍ਰਬੰਧਾਂ ਦਾ ਕਦਮ-ਦਰ-ਕਦਮ ਅਭਿਆਸ ਕੀਤਾ ਗਿਆ ਤਾਂ ਜੋ 12 ਜੁਲਾਈ ਨੂੰ ਹੋਣ ਵਾਲੇ ਸਮਾਰੋਹ ਨੂੰ ਸੁਚਾਰੂ, ਅਨੁਸ਼ਾਸਿਤ ਅਤੇ ਗੌਰਵਮਈ ਢੰਗ ਨਾਲ ਸੰਪੰਨ ਕਰਵਾਇਆ ਜਾ ਸਕੇ। ਰਿਹਰਸਲ ਦੌਰਾਨ ਅਕਾਦਮਿਕ ਪ੍ਰੋਸੈਸ਼ਨ, ਮੰਚ ਸੰਚਾਲਨ, ਮੈਡਲ ਤੇ ਡਿਗਰੀਆਂ ਪ੍ਰਦਾਨ ਕਰਨ ਦੀ ਪ੍ਰਕਿਰਿਆ, ਬੈਠਕ ਵਿਵਸਥਾ, ਵਿਸ਼ੇਸ਼ ਮਹਿਮਾਨਾਂ ਦੇ ਸਵਾਗਤ ਅਤੇ ਰਵਾਨਗੀ, ਸੁਰੱਖਿਆ, ਪਾਰਕਿੰਗ, ਆਵਾਜਾਈ, ਮੀਡੀਆ ਪ੍ਰਬੰਧਨ ਅਤੇ ਹੋਰ ਪ੍ਰਬੰਧਾਂ ਦਾ ਵਿਸਥਾਰ ਨਾਲ ਅਭਿਆਸ ਕੀਤਾ ਗਿਆ। ਵੱਖ-ਵੱਖ ਕਮੇਟੀਆਂ ਨੇ ਆਪਣੇ-ਆਪਣੇ ਕਾਰਜਾਂ ਦਾ ਮੁਲਾਂਕਣ ਕਰਦਿਆਂ ਆਪਸੀ ਤਾਲਮੇਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲੋੜੀਂਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਵਿੰਦਰ ਸਿੰਘ ਸੈਣੀ, ਰਜਿਸਟਰਾਰ ਪ੍ਰੋ. ਕੇ. ਐੱਸ. ਚਾਹਲ, ਡੀਨ ਵਿਦਿਆਰਥੀ ਭਲਾਈ ਪ੍ਰੋ. ਸਤਨਾਮ ਸਿੰਘ ਦਿਓਲ, ਅਧਿਆਪਨ ਵਿਭਾਗਾਂ ਦੇ ਮੁਖੀ, ਅਧਿਆਪਕ, ਅਧਿਕਾਰੀ ਅਤੇ ਹੋਰ ਕਰਮਚਾਰੀ ਹਾਜ਼ਰ ਸਨ । ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਰਿਹਰਸਲ ਦੌਰਾਨ ਵੱਖ-ਵੱਖ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸੰਬੰਧਿਤ ਕਮੇਟੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 51ਵੀਂ ਕਾਨਵੋਕੇਸ਼ਨ ਅੱਜ
ਅਜੀਤ ਡੈਸਕ
12-07-2026