ਧਰਨੇ ਦੌਰਾਨ ਜਾਮ ਦੀਆਂ ਲੱਗੀਆਂ ਲੰਬੀਆਂ ਕਤਾਰਾਂ, ਲੋਕ ਹੋਏ ਪ੍ਰੇਸ਼ਾਨ
ਲਾਡੋਵਾਲ (ਲੁਧਿਆਣਾ), 12 ਜੁਲਾਈ (ਬਲਬੀਰ ਸਿੰਘ ਰਾਣਾ)-ਸਮੂਹ ਸਿੱਖ ਜਥੇਬੰਦੀਆਂ ਲੁਧਿਆਣਾ, ਸਮਾਜ ਸੇਵਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਵਲੋਂ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਸਵੇਰੇ 11 ਵਜੇ ਤੋਂ ਦੁਪਹਿਰ ਬਾਅਦ 4 ਵਜੇ ਤੱਕ ਵਾਹਨਾਂ ਲਈ ਟੋਲ ਮੁਕਤ ਕੀਤਾ ਗਿਆ, ਜਿਸ ਦੌਰਾਨ ਵਾਹਨਾਂ ਨੂੰ ਬਿਨਾਂ ਟੋਲ ਫ਼ੀਸ ਦਿੱਤਿਆਂ ਲੰਘਾਇਆ ਗਿਆ। ਇਸ ਮੌਕੇ ਨੈਸ਼ਨਲ ਹਾਈਵੇਅ ’ਤੇ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ, ਜਿਸ ਦੌਰਾਨ ਨੈਸ਼ਨਲ ਹਾਈਵੇਅ ਦੇ ਦੋਵੀਂ ਪਾਸੀ ਲੰਬਾ ਅਤੇ ਭਾਰੀ ਜਾਮ ਲੱਗ ਗਿਆ, ਜਿਸ ਨਾਲ ਰਾਹਗੀਰਾਂ, ਬੱਚਿਆਂ ਅਤੇ ਹੋਰਾਂ ਨੂੰ ਗਰਮੀ ਦੇ ਮੌਸਮ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਕਿ ਆਜ਼ਾਦ ਕਿਸਾਨ ਮੋਰਚਾ ਪੰਜਾਬ, ਅੰਨ ਦਾਤਾ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਵਲੋਂ ਸਮੂਹ ਸਿੱਖ ਜਥੇਬੰਦੀਆਂ ਤੇ ਹੋਰਾਂ ਨੂੰ ਪੂਰਨ ਤੌਰ ’ਤੇ ਸਮਰਥਨ ਦਿੱਤਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਸੁਖ ਗਿੱਲ, ਪ੍ਰਦੀਪ ਸਿੰਘ ਇਯਾਲੀ ਅਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਗੁਰੂ ਘਰ ਦੇ ਦੋਖੀ ਚੇਤਨ ਸ਼ਰਮਾ ਨੇ ਸੋਸ਼ਲ ਮੀਡੀਆ ’ਤੇ ਗੁਰੂ ਸਾਹਿਬਾਨਾਂ ਅਤੇ ਪਵਿੱਤਰ ਗੁਰਬਾਣੀ ਬਾਰੇ ਮਾੜੀ ਸ਼ਬਦਾਵਲੀ ਬੋਲਣ ’ਤੇ ਸਿੱਖ ਜਥੇਬੰਦੀਆਂ ਤੇ ਹੋਰਾਂ ਵਲੋਂ ਉਸ ਦੋਖੀ ’ਤੇ ਮਾਮਲਾ ਦਰਜ ਕਰਵਾਇਆ ਸੀ, ਅੱਜ 25 ਦਿਨ ਬੀਤ ਜਾਣ ਉਪਰੰਤ ਵੀ ਲੁਧਿਆਣਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਜਿਸ ਕਰਕੇ ਅੱਜ ਲਾਡੋਵਾਲ ਟੋਲ ਪਲਾਜ਼ਾ ਰੋਸ ਵਜੋਂ ਟੋਲ ਮੁਕਤ ਕੀਤਾ ਗਿਆ ਅਤੇ ਮਜ਼ਬੂਰਨ ਧਰਨਾ ਲਗਾਉਣਾ ਪਿਆ। ਉਨ੍ਹਾਂ ਦੱਸਿਆ ਕਿ ਦੋਖੀ ਚੇਤਨ ਸ਼ਰਮਾ ਪਿਛਲੇ ਦਿਨਾਂ ਵਿਚ ਦੋ ਵਾਰ ਆਪਣੇ ਘਰ ਪਰਿਵਾਰ ਵਿਚ ਆਇਆ ਪਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਨਾ ਕਰਕੇ ਆਪਣੀ ਨਾਕਾਮੀ ਦਾ ਸਬੂਤ ਦਿੱਤਾ। ਇਸ ਮੌਕੇ ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜਦ ਤੱਕ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਏ.ਡੀ.ਸੀ.ਪੀ. ਰਮਨਦੀਪ ਸਿੰਘ ਭੁੱਲਰ ਧਰਨਾ ਸਥਾਨ ’ਤੇ ਪੁੱਜੇ, ਉਨ੍ਹਾਂ ਸਮੂਹ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਹੋਰਾਂ ਜਥੇਬੰਦੀਆਂ ਨਾਲ ਗੱਲਬਾਤ ਕੀਤੀ। ਰਮਨਦੀਪ ਭੁੱਲਰ ਨੇ ਵਿਸ਼ਵਾਸ ਦਵਾਇਆ ਕਿ ਸ਼ਿਵ ਸੈਨਿਕ ਚੇਤਨ ਸ਼ਰਮਾ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਜਦਕਿ ਭਾਨੂ ਪ੍ਰਤਾਪ ਅਤੇ ਉਸ ਦੇ ਸਾਥੀ ਨੂੰ ਵੀ ਪਰਚਾ ਦਰਜ ਕਰਕੇ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਰਮਨਦੀਪ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੇ ਦੋਸ਼ੀ ਨੂੰ ਫੜਨ ਲਈ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਹੋਈਆਂ ਹਨ, ਜੋ ਵੱਖ-ਵੱਖ ਥਾਵਾਂ ’ਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਵਲੋਂ ਵਿਸ਼ਵਾਸ ਦਿਵਾਉਣ ’ਤੇ ਸਿੱਖ ਜਥੇਬੰਦੀਆਂ ਤੇ ਹੋਰਾਂ ਨੇ ਧਰਨਾ ਸਮਾਪਤ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਸੁੱਖ ਗਿੱਲ, ਭਵਨਦੀਪ ਸਿੰਘ, ਸਰਬਜੀਤ ਸੋਨੀ, ਸਰਬਜੀਤ ਸਿੰਘ ਪਨੇਸਰ, ਜਥੇਦਾਰ ਹਰਜਿੰਦਰ ਸਿੰਘ, ਖੁਸ਼ਜੀਤ ਸਿੰਘ, ਪ੍ਰਦੀਪ ਸਿੰਘ, ਰਾਣਾ ਮਲ, ਬਲਜੀਤ ਸਿੰਘ ਕਾਲਾ ਨੰਗਲ, ਕੁਲਵਿੰਦਰ ਸਿੰਘ, ਕਿਰਨਦੀਪ ਸਿੰਘ, ਰੋਸ਼ਨ ਸਿੰਘ ਸਾਗਰ ਸੀਨੀਅਰ ਆਗੂ, ਜਗਜੀਤ ਸਿੰਘ ਅਰੋੜਾ ਜਨਰਲ ਸਕੱਤਰ, ਕੈਪਟਨ ਕੁਲਵੰਤ ਸਿੰਘ ਮੀਤ ਪ੍ਰਧਾਨ ਭਾਕਿਉ ਚੜੂਨੀ, ਇੰਦਰਜੀਤ ਸਿੰਘ ਜਨਰਲ ਸਕੱਤਰ ਲੁਧਿਆਣਾ, ਕੈਪਟਨ ਮਲਕੀਤ ਸਿੰਘ ਵਾਲੀਆ ਪ੍ਰਧਾਨ ਭਾਕਿਉ ਚਡੂਨੀ ਲੁਧਿਆਣਾ ਆਦਿ ਵੀ ਮੌਜੂਦ ਸਨ।
ਸਿੱਖ ਜਥੇਬੰਦੀਆਂ ਨੇ ਲਾਡੋਵਾਲ ਟੋਲ ਪਲਾਜ਼ਾ 5 ਘੰਟੇ ਤੱਕ ਕੀਤਾ ਟੋਲ ਮੁਕਤ
ਅਜੀਤ ਡੈਸਕ
13-07-2026