ਰਾਜਪਾਲ ਕਟਾਰੀਆ ਵਲੋਂ ਵਿਦਿਆਰਥੀਆਂ ਨੂੰ ਗਿਆਨ, ਕਿਰਦਾਰ ਤੇ ਸਮਾਜ ਸੇਵਾ ਨੂੰ ਜੀਵਨ ਦਾ ਆਧਾਰ ਬਣਾਉਣ ਦਾ ਸੱਦਾ
ਅੰਮ੍ਰਿਤਸਰ, 12 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 51ਵੇਂ ਡਿਗਰੀ ਵੰਡ ਸਮਾਗਮ ‘ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਕੁਲਪਤੀ ਗੁਲਾਬ ਚੰਦ ਕਟਾਰੀਆ ਨੇ ਵਿਦਿਆਰਥੀਆਂ ਨੂੰ ਗਿਆਨ, ਕਿਰਦਾਰ ਤੇ ਸਮਾਜ ਸੇਵਾ ਨੂੰ ਜੀਵਨ ਦਾ ਆਧਾਰ ਬਣਾਉਣ ਦਾ ਸੱਦਾ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਕਟਾਰੀਆ ਨੇ ਕਿਹਾ ਕਿ ਇਹ ਸਿਰਫ਼ ਇਕ ਯੂਨੀਵਰਸਿਟੀ ਨਹੀਂ ਹੈ, ਸਗੋਂ ਉੱਚ ਸਿੱਖਿਆ, ਖੋਜ ਅਤੇ ਕਦਰਾਂ-ਕੀਮਤਾਂ ਦਾ ਇਕ ਚਾਨਣ-ਮੁਨਾਰਾ ਹੈ, ਜਿਸ ਨੇ ਦੇਸ਼ ਅਤੇ ਦੁਨੀਆ ਨੂੰ ਅਣਗਿਣਤ ਪ੍ਰਤਿਭਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵੱਕਾਰੀ ਸੰਸਥਾ ਦੀ ਸਥਾਪਨਾ ਸਾਲ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ’ਤੇ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜ ਦਹਾਕਿਆਂ ਤੋਂ ਵੱਧ ਸਮੇਂ ਦੇ ਆਪਣੇ ਸ਼ਾਨਦਾਰ ਸਫ਼ਰ ਵਿਚ ਇਸ ਯੂਨੀਵਰਸਿਟੀ ਨੇ ਸਿੱਖਿਆ, ਖੋਜ, ਖੇਡਾਂ, ਸਭਿਆਚਾਰ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਖੇਤਰਾਂ ‘ਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਦੇਸ਼ ਅਤੇ ਵਿਦੇਸ਼ ‘ਚ ਆਪਣੀ ਵੱਖਰੀ ਪਛਾਣ ਸਥਾਪਤ ਕੀਤੀ ਹੈ।ਉਨ੍ਹਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਮੂਹ ਪੰਜਾਬੀ ਭਾਈਚਾਰੇ ਨੂੰ ਪੰਜਾਬ ਦੇ ਸਿੱਖਿਆ ਵਿਚ ਪਹਿਲੇ ਸਥਾਨ ‘ਤੇ ਆਉਣ ਦੀ ਵਧਾਈ ਦਿੱਤੀ। ਉਨ੍ਹਾਂ ਯੂਨੀਵਰਸਿਟੀ ਵਲੋਂ ਆਨਰਜ਼ ਕਾਜ਼ਾ ਡਿਗਰੀ ਨਾਲ ਸਨਮਾਨਿਤ ਕੀਤੇ ਨਿਊਯਾਰਕ (ਅਮਰੀਕਾ) ਦੇ ਪ੍ਰਸਿੱਧ ਅਟਾਰਨੀ-ਐਟ-ਲਾਅ ਜਸਪ੍ਰੀਤ ਸਿੰਘ ਦਾ ਯੂਨੀਵਰਸਿਟੀ, ਪੰਜਾਬ ਅਤੇ ਦੇਸ਼ ਲਈ ਪਾਏ ਜਾ ਰਹੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮਹਾਨ ਵਿਰਾਸਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਸਿੱਖਿਆ ਦੇ ਖੇਤਰ ਵਿਚ ਹੀ ਨਹੀਂ ਸਗੋਂ ਵੀ ਬਹੁਤ ਸਾਰੇ ਖੇਤਰਾਂ ਵਿਚ ਅੱਗੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਚੇਰੀ ਸਿੱਖਿਆ ਵਿਚ ਪਹਿਲੇ ਨੰਬਰ ‘ਤੇ ਹੈ, ਉਥੇ ਕੇਰਲਾ ਨੂੰ ਪਿੱਛੇ ਛੱਡਦੇ ਹੋਏ ਸਕੂਲ ਸਿੱਖਿਆ ਵਿਚ ਵੀ ਪਹਿਲਾ ਸਥਾਨ ਹਾਸਿਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ‘ਉਡਦਾ ਪੰਜਾਬ’ ਨਹੀਂ ਸਗੋਂ ‘ਪੜ੍ਹਦਾ ਪੰਜਾਬ’ ਹੈ। ਇਸ ਤੋਂ ਪਹਿਲਾਂ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਸਾਰਿਆਂ ਦਾ ਸਵਾਗਤ ਅਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਸਿੱਖਿਆ ‘ਚ ਉੱਤਮਤਾ ਹਾਸਿਲ ਕਰਨ ਦੇ ਨਾਲ-ਨਾਲ ਸਮਾਜਿਕ ਤੌਰ ‘ਤੇ ਜ਼ਿੰਮੇਵਾਰ, ਨੈਤਿਕ ਮੁੱਲਾਂ ਨਾਲ ਸੰਪੰਨ ਅਤੇ ਵਿਸ਼ਵ ਪੱਧਰ ‘ਤੇ ਸਮਰੱਥ ਨਾਗਰਿਕ ਤਿਆਰ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਇਸ ਸਮਾਗਮ ‘ਚ 456 ਵਿਦਿਆਰਥੀਆਂ, ਜਿਨ੍ਹਾਂ ਵਿਚ 3 ਵਿਦਿਆਰਥੀਆਂ ਨੂੰ ‘ਚਾਂਸਲਰ ਮੈਡਲ’, 35 ਹੋਣਹਾਰ ਵਿਦਿਆਰਥੀਆਂ ਨੂੰ ‘ਮੈਮੋਰੀਅਲ ਮੈਡਲ’, 82 ਖੋਜ ਵਿਦਿਆਰਥੀਆਂ ਨੂੰ ਪੀ.ਐੱਚ.ਡੀ. ਅਤੇ 336 ਵਿਦਿਆਰਥੀਆਂ ਨੂੰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਡਿਗਰੀਆਂ ਅਤੇ ਨਿਊਯਾਰਕ (ਅਮਰੀਕਾ) ਦੇ ਪ੍ਰਸਿੱਧ ਅਟਾਰਨੀ-ਐਟ-ਲਾਅ ਜਸਪ੍ਰੀਤ ਸਿੰਘ ਨੂੰ ਆਨਰਜ਼ ਕਾਜ਼ਾ ਡਿਗਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਵਧੀਕ ਪ੍ਰਿੰਸੀਪਲ ਸਕੱਤਰ ਵਿਵੇਕ ਪ੍ਰਤਾਪ ਸਿੰਘ, ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਵਿੰਦਰ ਸਿੰਘ ਸੈਣੀ, ਰਜਿਸਟਰਾਰ ਪ੍ਰੋ. ਕੇ. ਐਸ. ਚਾਹਲ, ਅਕਾਦਮਿਕ ਕੌਂਸਲ ਦੇ ਮੈਂਬਰਾਂ, ਡੀਨਜ਼, ਵਿਭਾਗ ਮੁਖੀਆਂ, ਅਧਿਆਪਕਾਂ, ਅਧਿਕਾਰੀਆਂ, ਕਰਮਚਾਰੀਆਂ, ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਹੋਰ ਪਤਵੰਤਿਆਂ ਤੋਂ ਇਲਾਵਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਮੇਅਰ ਜਤਿੰਦਰ ਸਿੰਘ ਭਾਟੀਆ, ਰਜਿੰਦਰ ਸਿੰਘ ਮਹਿਤਾ, ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਹਾਜ਼ਰ ਸਨ। ਸਮਾਗਮ ਦੀ ਸੰਪੰਨਤਾ ਮੌਕੇ ਪ੍ਰੋ. ਹਰਵਿੰਦਰ ਸਿੰਘ ਸੈਣੀ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 51ਵਾਂ ਡਿਗਰੀ ਵੰਡ ਸਮਾਗਮ
ਅਜੀਤ ਡੈਸਕ
13-07-2026