ਵਾਸ਼ਿੰਗਟਨ, 12 ਜੁਲਾਈ (ਪੀ. ਟੀ. ਆਈ.)-ਅਮਰੀਕਾ ਦੇ ਜਾਰਜੀਆ ਸੂਬੇ ਤੋਂ ਇਕ ਬੇਹੱਦ ਮੰਦਭਾਗੀ ਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿਥੇ ਗੂਗਲ ਦੀ ਇਕ ਸਾਬਕਾ ਉੱਚ ਭਾਰਤੀ-ਅਮਰੀਕੀ ਮਹਿਲਾ ਅਧਿਕਾਰੀ ਦੀ ਉਸ ਦੇ ਪਤੀ ਵਲੋਂ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾ ਦੀ ਪਛਾਣ 57 ਸਾਲਾ ਸ਼ੀਤਲ ਵ੍ਰਜੇਸੀਅਨ ਵਜੋਂ ਹੋਈ ਹੈ, ਜੋ ਤਕਨਾਲੋਜੀ ਦੇ ਖੇਤਰ ਵਿਚ ਇੱਕ ਮੰਨੀ-ਪ੍ਰਮੰਨੀ ਸ਼ਖਸੀਅਤ ਸੀ। ਇਸ ਖ਼ੂਨੀ ਝੜਪ ਦੌਰਾਨ ਮਾਂ ਨੂੰ ਬਚਾਉਣ ਆਇਆ ਉਨ੍ਹਾਂ ਦਾ 23 ਸਾਲਾ ਪੁੱਤਰ ਜੇਸਨ ਵੀ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਸਥਾਨਕ ਪੁਲਿਸ ਮੁਤਾਬਕ ਇਹ ਖ਼ੌਫ਼ਨਾਕ ਵਾਰਦਾਤ ਐਟਲਾਂਟਾ ਦੇ ਨੇੜਲੇ ਇਲਾਕੇ ਕੋਬ ਕਾਊਂਟੀ (ਸਮਿਰਨਾ) ਸਥਿਤ ‘ਲੌਰੇਲ ਕਰੀਕ ਟ੍ਰੇਲ’ ’ਤੇ ਬਣੇ ਜੋੜੇ ਦੇ ਆਲੀਸ਼ਾਨ ਘਰ ਵਿਚ ਰਾਤ ਦੇ ਕਰੀਬ 8 ਵਜੇ ਵਾਪਰੀ। ਪੁਲਿਸ ਨੂੰ ਇਲਾਕੇ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਜਦੋਂ ਸੁਰੱਖਿਆ ਕਰਮੀ ਮੌਕੇ ’ਤੇ ਪਹੁੰਚੇ ਤਾਂ ਘਰ ਦੇ ਅੰਦਰ ਸ਼ੀਤਲ ਦੀ ਖ਼ੂਨ ਨਾਲ ਲੱਥਪੱਥ ਲਾਸ਼ ਮਿਲੀ, ਜਿਸ ਦੇ ਸਰੀਰ ’ਤੇ ਗੋਲੀਆਂ ਦੇ ਕਈ ਨਿਸ਼ਾਨ ਸਨ। ਡਾਕਟਰਾਂ ਨੇ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮੌਕੇ ਤੋਂ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 56 ਸਾਲਾ ਪਤੀ ਕਿਰਕ ਬੀ. ਵ੍ਰਜੇਸੀਅਨ ਨੂੰ ਬਿਨਾਂ ਕਿਸੇ ਵਿਰੋਧ ਦੇ ਗ੍ਰਿਫ਼ਤਾਰ ਕਰ ਲਿਆ।
ਗੂਗਲ ਦੀ ਸਾਬਕਾ ਭਾਰਤੀ-ਅਮਰੀਕੀ ਮਹਿਲਾ ਅਧਿਕਾਰੀ ਦੀ ਪਤੀ ਵਲੋਂ ਗੋਲੀਆਂ ਮਾਰ ਕੇ ਹੱਤਿਆ
ਅਜੀਤ ਡੈਸਕ
13-07-2026