ਅੰਮ੍ਰਿਤਸਰ, 13 ਜੁਲਾਈ (ਜਸਵੰਤ ਸਿੰਘ ਜੱਸ)- ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਵਲੋਂ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਮੌਕੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਕੌਮੀ ਹਿੱਤਾਂ ਲਈ ਕਾਰਜ ਕਰਨ, ਪੰਥ ਤੇ ਪੰਜਾਬ ਨਾਲ ਜੁੜੇ ਰਹਿਣ, ਨਵੀਂ ਪੀੜ੍ਹੀ ਨੂੰ ਸਿੱਖੀ ਤੇ ਮਾਂ-ਬੋਲੀ ਗੁਰਮੁਖੀ ਪੰਜਾਬੀ ਨਾਲ ਜੋੜਨ ਅਤੇ ਕੇਂਦਰੀ ਸਿੱਖ ਸੰਸਥਾਵਾਂ ਨੂੰ ਤਕੜਾ ਰੱਖਣ ਦੀ ਪ੍ਰੇਰਣਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਿੱਖ ਵਿਸ਼ਵ ਪੱਧਰ ’ਤੇ ਵੱਸਦੇ ਹਨ ਇਹ ਜ਼ਰੂਰੀ ਹੈ ਕਿ ਉਹ ਅਕਾਲ ਤਖ਼ਤ ਸਾਹਿਬ ਨਾਲ ਕੇਂਦਰਿਤ ਅਤੇ ਜੁੜੇ ਰਹਿਣ । ਇਤਿਹਾਸ ’ਚ ਇਹ ਪਹਿਲਾ ਮੌਕਾ ਬਣਿਆ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਾਂਗਕਾਂਗ ਦੀ ਧਰਤੀ ’ਤੇ ਤਿੰਨ ਦਿਨਾ ਦੌਰੇ ਦੌਰਾਨ ਸਿੱਖੀ ਪ੍ਰਚਾਰ ਪ੍ਰਸਾਰ ਲਈ ਪੁੱਜੇ। ਇਸ ਸਮਾਗਮ ’ਚ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਦੇ ਤਤਕਾਲੀ ਗ੍ਰੰਥੀ ਸਿੰਘ ਗਿਆਨੀ ਨੰਦ ਸਿੰਘ, ਜੋ ਕਿ ਵਿਸ਼ਵ ਯੁੱਧ ਸਮੇਂ ਗੁਰੂ ਘਰ ਵਿਚ ਸੇਵਾ ਕਰਦਿਆਂ ਸ਼ਹੀਦ ਹੋਏ ਸਨ, ਨੂੰ ਵੀ ਯਾਦ ਕੀਤਾ ਗਿਆ । ਜਥੇਦਾਰ ਗੜਗੱਜ ਨੇ ਦੇਸ਼ ਵਿਦੇਸ਼ ’ਚ ਵੱਸਦੀ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਇਕਜੁੱਟਤਾ ਦੀ ਕਾਮਨਾ ਕਰਦਿਆਂ ਕਿਹਾ ਕਿ ਭਾਰਤ ਦੀ ਆਜ਼ਾਦੀ ’ਚ ਖ਼ਾਲਸਾ ਦੀਵਾਨ ਹਾਂਗਕਾਂਗ ਦਾ ਮੁੱਢਲਾ ਯੋਗਦਾਨ ਹੈ । ਸਿੱਖਾਂ ਨੇ ਸੰਨ 1901 ’ਚ ਇੱਥੇ ਸ੍ਰੀ ਗੁਰੂ ਸਿੰਘ ਸਭਾ ਸਥਾਪਤ ਕੀਤੀ, ਇਸ ਧਰਤੀ ’ਤੇ ਗੁਰੂ ਨਾਨਕ ਜਹਾਜ਼ (ਕਾਮਾਗਾਟਾ ਮਾਰੂ) ਵਾਲੇ ਬਾਬਾ ਗੁਰਦਿੱਤ ਸਿੰਘ ਅਤੇ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਜਿਹੇ ਗ਼ਦਰੀ ਬਾਬੇ ਕਾਰਜਸ਼ੀਲ ਰਹੇ ਅਤੇ ਸੰਨ 1903 ਵਿਚ 33ਵੀਂ ਬਰਮਾ ਇਨਫੈਨਟਰੀ ਦੇ ਸਿੱਖ ਫ਼ੌਜੀ ਵੀ ਇੱਥੇ ਆਏ । ਉਨ੍ਹਾਂ ਵਿਦੇਸ਼ ਵੱਸਦੀਆਂ ਸੰਗਤਾਂ ਨੂੰ ਆਪਣੇ ਬੱਚਿਆਂ ਨਾਲ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਲਈ ਜ਼ਰੂਰ ਜਾਣ ਦੀ ਤਾਕੀਦ ਕੀਤੀ । ਇਸ ਮੌਕੇ ਮੁੱਖ ਗ੍ਰੰਥੀ ਭਾਈ ਜਸਵੰਤ ਸਿੰਘ, ਪ੍ਰਧਾਨ ਨਿਰਮਲ ਸਿੰਘ ਪਟਿਆਲਾ, ਸਕੱਤਰ ਗੁਰਮਨਪ੍ਰੀਤ ਸਿੰਘ ਖਾਰਾ, ਮੀਤ ਪ੍ਰਧਾਨ ਜੁਗਰਾਜ ਸਿੰਘ ਡੁਗਰੀ, ਖ਼ਜ਼ਾਨਚੀ ਮਨਦੀਪ ਸਿੰਘ ਹੁੰਦਲ ਆਦਿ ਹਾਜ਼ਰ ਸਨ।