ਕਪੂਰਥਲਾ, 13 ਜੁਲਾਈ (ਅਮਨਜੋਤ ਸਿੰਘ ਵਾਲੀਆ)- ਪਿੰਡ ਮੱਲੂ ਕਾਦਰਾ ਬਾਅਦ ਵਿਖੇ ਘਰੇਲੂ ਝਗੜੇ ਕਾਰਨ ਇੱਕ ਪ੍ਰਵਾਸੀ ਔਰਤ ਵੱਲੋਂ ਕਥਿਤ ਤੌਰ ਤੇ ਆਪਣੇ ਤਿੰਨ ਬੱਚਿਆਂ ਸਮੇਤ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਇਲਾਜ ਦੌਰਾਨ ਇਕ ਲੜਕੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲਵਕੁਸ਼ ਕੁਮਾਰ ਵਾਸੀ ਮੱਲੂ ਕਾਦਰਾਬਾਦ ਨੇ ਦੱਸਿਆ ਕਿ ਅੱਜ ਉਹ ਜਦੋਂ ਰਾਤ ਸਮੇਂ ਜੀਰੀ ਲਗਾ ਕੇ ਘਰ ਆਇਆ ਤਾਂ ਉਸ ਦੀ ਪਤਨੀ ਸੰਤੋਸ਼ ਦੇਵੀ ਉਲਟੀਆਂ ਕਰ ਰਹੀ ਸੀ ਕੋਲ ਇੱਕ ਕੀਟਨਾਸ਼ਕ ਦਵਾਈ ਦੀ ਸ਼ੀਸ਼ੀ ਪਈ ਹੋਈ ਸੀ ਤੇ ਬੱਚੇ ਵੀ ਅੱਧ ਬੇਹੋਸ਼ੀ ਦੀ ਹਾਲਤ ਵਿਚ ਸਨ। ਜਿਸ ’ਤੇ ਉਸ ਨੇ ਤੁਰੰਤ ਐਬੂਲੈਂਸ ਦੀ ਸਹਾਇਤਾ ਨਾਲ ਪਤਨੀ ਸੰਤੋਸ਼ ਦੇਵੀ, ਲੜਕੀ ਅੰਮ੍ਰਿਤਾ (8), ਖੁਸ਼ੀ (6) ਤੇ ਦੋ ਸਾਲਾ ਬੱਚੇ ਅਜੀਤ ਕੁਮਾਰ ਨੂੰ ਸਿਵਲ ਹਸਪਤਾਲ ਕਪੂਰਥਲਾ ਐਮਰਜੰਸੀ ਵਾਰਡ ਵਿਚ ਲੈ ਕੇ ਗਏ। ਜਿੱਥੇ ਡਾਕਟਰ ਕਰਨਪ੍ਰੀਤ ਸਿੰਘ ਵੱਲੋਂ ਸਾਰਿਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਪਰ ਇੱਕ ਲੜਕੀ ਖੁਸ਼ੀ ਦੀ ਇਲਾਜ ਦੌਰਾਨ ਮੌਤ ਹੋ ਗਈ। ਡਾਕਟਰ ਨੇ ਬਾਕੀ ਤਿੰਨਾਂ ਦੀ ਹਾਲਤ ਗੰਭੀਰ ਦੇਖਦਿਆਂ ਮੁਢਲੇ ਇਲਾਜ ਤੋਂ ਬਾਅਦ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ।