ਐੱਮ.ਐੱਸ.ਪੀ. ਤੋਂ ਕਈ ਗੁਣਾਂ ਘੱਟ ਵੇਚਣੀ ਪਈ ਫ਼ਸਲ, ਵਪਾਰੀਆਂ ਦੀ ਚਾਂਦੀ
ਗੁਰਦੀਪ ਸਿੰਘ ਮਲਕ
ਜਗਰਾਉਂ, 14 ਜੁਲਾਈ-ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਪੰਜਾਬ ਸਰਕਾਰ ਵਲੋਂ ਮੂੰਗੀ ਤੇ ਮੱਕੀ ਦੀ ਫ਼ਸਲ ਦੀ ਖ਼ਰੀਦ ਤੋਂ ਪਾਸਾ ਵੱਟੇ ਜਾਣ ਕਾਰਨ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਵਪਾਰੀਆਂ ਕੋਲ ਵੇਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਸਰਕਾਰ ਵਲੋਂ ਨਿਰਧਾਰਤ ਐਮ.ਐਸ.ਪੀ. ਨਾਲੋਂ ਕਈ ਗੁਣਾਂ ਘੱਟ ਮੁੱਲ ਮਿਲ ਰਿਹਾ ਹੈ ਤੇ ਮੰਡੀਆਂ ’ਚ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਵਪਾਰੀ ਮੂੰਗੀ ਤੇ ਮੱਕੀ ਦਾ ਮੁੱਲ ਆਪਣੇ ਅਨੁਸਾਰ ਹੀ ਤੈਅ ਕਰ ਰਹੇ ਹਨ । ਪੰਜਾਬ ਦੀ ਦਾਲ ਹੱਬ ਵਜੋਂ ਮਸ਼ਹੂਰ ਅਨਾਜ ਮੰਡੀ ਜਗਰਾਉਂ ’ਚ ਮੂੰਗੀ ਤੇ ਮੱਕੀ ਦੀ ਇਸ ਵਾਰ ਰਿਕਾਰਡਤੋੜ ਆਮਦ ਹੋ ਰਹੀ ਹੈ, ਪਰ ਬੰਪਰ ਪੈਦਾਵਰ ਕਰਨ ਵਾਲੇ ਕਿਸਾਨਾਂ ਨੂੰ ਸੂਬਾ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਤੇ ਕਿਸਾਨਾਂ ਨੂੰ ਆਸ ਮੁਤਾਬਿਕ ਫ਼ਸਲਾਂ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ। ਸੂਬੇ ’ਚ ਮੂੰਗੀ ਤੇ ਮੱਕੀ ਦੀ ਖ਼ਰੀਦ ਦਾ ਸ਼ੀਜਨ ਇਸ ਮੌਕੇ ਆਖਰੀ ਪੜਾਅ ’ਚ ਪਹੁੰਚ ਚੁੱਕਾ ਹੈ ਤੇ ਜ਼ਿਆਦਾਤਰ ਕਿਸਾਨ ਆਪਣੀਆਂ ਫ਼ਸਲਾਂ ਵੇਚ ਚੁੱਕੇ ਹਨ, ਪਰ ਫ਼ਸਲਾਂ ਦੀ ਮੰਡੀਆਂ ’ਚ ਹੋ ਰਹੀ ਸ਼ਰ੍ਹੇਆਮ ਲੁੱਟ ਖ਼ਿਲਾਫ਼ ਨਾ ਤਾਂ ਪੰਜਾਬ ਸਰਕਾਰ ਨੇ ਕੋਈ ਕਦਮ ਚੁੱਕਿਆ ਤੇ ਨਾ ਹੀ ਕਿਸਾਨ ਜਥੇਬੰਦੀਆਂ ਨੇ ਆਵਾਜ਼ ਉਠਾਈ, ਜਿਸ ਕਾਰਨ ਵਪਾਰੀਆਂ ਨੂੰ ਮਨਮਰਜ਼ੀ ਦੇ ਭਾਅ ਨਾਲ ਫ਼ਸਲਾਂ ਦੀ ਖ਼ਰੀਦ ਕਰਨ ਦੀ ਪੂਰੀ ਖੁੱਲ੍ਹ ਮਿਲ ਗਈ ਹੈ । ਵੱਡੀ ਅਨਾਜ ਮੰਡੀ ਜਗਰਾਉਂ ਨੂੰ ਪੰਜਾਬ ਦੀ ਦਾਲ ਹੱਬ ਵੱਜ਼ੋਂ ਜਾਣਿਆ ਜਾਂਦਾ ਹੈ ਕਿਉਕਿ ਜਗਰਾਉਂ ਖੇਤਰ ’ਚ ਕਈ ਵੱਡੀਆਂ ਦਾਲ ਮਿੱਲਾਂ ਹਨ ਤੇ ਸਮੁੱਚੇ ਸੂਬੇ ਦੇ ਕਿਸਾਨ ਜਗਰਾਉਂ ਅਨਾਜ ਮੰਡੀ ’ਚ ਮੂੰਗੀ ਦੀ ਫ਼ਸਲ ਵੇਚਣ ਲਈ ਲਿਆਉਂਦੇ ਹਨ । ਜਗਰਾਉਂ ਅਨਾਜ ਮੰਡੀ ’ਚ ਸੂਬੇ ਦੀਆਂ ਹੋਰ ਮੰਡੀਆਂ ਨਾਲੋਂ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਦਾ ਚੰਗਾ ਭਾਅ ਮਿਲਦਾ ਹੈ। ਜਗਰਾਉਂ ਅਨਾਜ ਮੰਡੀ ‘ਚ ਅੱਜ ਤੱਕ ਮੂੰਗੀ 2 ਲੱਖ 15 ਹਜ਼ਾਰ 902 ਕੁਇੰਟਲ ਵਪਾਰੀਆਂ ਵਲੋਂ ਖ਼ਰੀਦ ਕੀਤੀ ਜਾ ਚੁੱਕੀ ਹੈ । ਸਰਕਾਰ ਵਲੋਂ ਮੂੰਗੀ ਦੀ ਫ਼ਸਲ ਦਾ ਸਰਕਾਰੀ ਭਾਅ (ਐੱਮ.ਐੱਸ.ਪੀ.) 8788 ਰੁਪਏ ਨਿਰਧਾਰਤ ਕੀਤਾ ਹੋਇਆ ਹੈ, ਪਰ ਜਗਰਾਉਂ ਮੰਡੀ ’ਚ ਕਿਸੇ ਵੀ ਕਿਸਾਨ ਨੂੰ ਸਰਕਾਰੀ ਭਾਅ ਦੇ ਬਰਾਬਰ ਮੂੰਗੀ ਦਾ ਰੇਟ ਨਸੀਬ ਨਹੀਂ ਹੋਇਆ । ਜਗਰਾਉਂ ਮੰਡੀ ’ਚ ਮੂੰਗੀ ਦੀ ਫ਼ਸਲ ਵਪਾਰੀਆਂ ਵਲੋਂ 3500 ਤੋਂ ਲੈ ਕੇ 7605 ਰੁਪਏ ਪ੍ਰਤੀ ਕੁਇੰਟਲ ਤੱਕ ਹੀ ਖ਼ਰੀਦੀ ਗਈ ਹੈ । ਦੂਜੇ ਪਾਸੇ ਮੱਕੀ ਦੀ ਫ਼ਸਲ ਦਾ ਸਰਕਾਰ ਨੇ ਘੱਟੋ ਘੱਟ ਮੁੱਲ 2300 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ ,ਪਰ ਅਨਾਜ ਮੰਡੀਆਂ ’ਚ ਕਿਸਾਨਾਂ ਦੀ ਮੱਕੀ 1650 ਤੋਂ ਲੈ ਕੇ 1950 ਰੁਪਏ ਤੱਕ ਹੀ ਵਿਕ ਰਹੀ ਹੈ । ਜਗਰਾਉਂ ਮੰਡੀ ’ਚ ਮੂੰਗੀ ਦੀ ਫ਼ਸਲ ਵੇਚਣ ਲਈ ਬੈਠੇ ਕਿਸਾਨ ਕਰਮ ਸਿੰਘ ਸ਼ੇਰਪੁਰਾ ਅਤੇ ਕਿਸਾਨ ਅਜਮੇਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਦਾਅਵਿਆ ਤੇ ਵਾਅਦਿਆਂ ’ਚ ਜ਼ਮੀਨ ਅਸਮਾਨ ਦਾ ਫਰਕ ਹੈ । ਮੰਡੀਆਂ ’ਚ ਕਿਸਾਨਾਂ ਦੀ ਕੋਈ ਬਾਂਹ ਫੜ੍ਹਨ ਨੂੰ ਤਿਆਰ ਨਹੀਂ ਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਮੁੱਲ ਵਪਾਰੀ ਤੈਅ ਕਰਦੇ ਹਨ , ਜਿਸ ਕਾਰਨ ਕਿਸਾਨਾਂ ਨੂੰ ਫ਼ਸਲਾਂ ਦਾ ਯੋਗ ਭਾਅ ਨਹੀਂ ਮਿਲਦਾ । ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਮੇਜਰ ਸਿੰਘ ਭੈਣੀ ਤੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਮੂੰਗੀ, ਮੱਕੀ ਦੀਆਂ ਫ਼ਸਲਾਂ ਦਾ ਕਿਸਾਨਾਂ ਨੂੰ ਸਹੀ ਭਾਅ ਨਾ ਮਿਲਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਅੱਜ ਤੱਕ ਮੰਡੀਆਂ ’ਚ ਸਾਰ ਨਹੀਂ ਲਈ ਤੇ ਵਪਾਰੀਆਂ ਨੂੰ ਲੁੱਟਣ ਦੀ ਪੂਰੀ ਖੁੱਲ੍ਹ ਦੇ ਰੱਖੀ ਹੈ । ਦੂਜੇ ਪਾਸੇ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਕਨੱਈਆ ਗੁਪਤਾ ਬਾਂਕਾ ਨੇ ਕਿਹਾ ਕਿ ਇਸ ਵਾਰ ਵੱਡੀ ਮਾਤਰਾਂ ‘ਚ ਮੂੰਗੀ ਤੇ ਮੱਕੀ ਦੀ ਫ਼ਸਲ ਦੀ ਗੁਣਵੱਤਾਂ ’ਚ ਕਾਫੀ ਖਰਾਬੀ ਆਈ ਹੈ ਤੇ ਵਪਾਰੀਆਂ ਵੱਲੋਂ ਗੁਣਵੱਤਾ ਅਨੁਸਾਰ ਹੀ ਕਿਸਾਨਾਂ ਤੋਂ ਮੂੰਗੀ ਤੇ ਮੱਕੀ ਦੀ ਫ਼ਸਲ ਖ਼ਰੀਦੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜੋ ਫ਼ਸਲਾਂ ਦਾ ਮੁੱਲ ਮਿਲ ਰਿਹਾ ਹੈ ,ਉਹ ਉਸ ਤੋਂ ਖੁਸ਼ ਹਨ । ਉਨ੍ਹਾਂ ਕਿਹਾ ਕਿ ਜੇਕਰ ਮੂੰਗੀ ਤੇ ਮੱਕੀ ਦੀ ਸਰਕਾਰੀ ਖਰੀਦ ਹੋਵੇ ਜਿਵੇਂ ਕਿ ਕੁਝ ਸਾਲ ਪਹਿਲਾਂ ਹੁੰਦੀ ਸੀ ਤਾਂ ਕਿਸਾਨਾਂ ਨੂੰ ਐੱਮ.ਐੱਸ.ਪੀ. ਅਨੁਸਾਰ ਫ਼ਸਲਾਂ ਦਾ ਮੁੱਲ ਮਿਲ ਸਕਦਾ ਹੈ ,ਪਰ ਸਰਕਾਰ ਨੇ ਮੂੰਗੀ ਅਤੇ ਮੱਕੀ ਦੀ ਖ਼ਰੀਦ ਤੋਂ ਬਿਲਕੁਲ ਹੀ ਪਾਸਾ ਵੱਟ ਲਿਆ ਹੈ, ਜਿਸ ਕਾਰਨ ਫ਼ਸਲਾਂ ਦਾ ਰੇਟ ਵੱਧ ਘੱਟ ਹੁੰਦਾ ਰਹਿੰਦਾ ਹੈ ।
ਸਰਕਾਰੀ ਖ਼ਰੀਦ ਨਾ ਹੋਣ ਕਾਰਨ ਮੂੰਗੀ ਤੇ ਮੱਕੀ ਦਾ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਪੂਰਾ ਮੁੱਲ
ਅਜੀਤ ਡੈਸਕ
15-07-2026