03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਬਰਸਾਤ ਰੁੱਤ ਦੇ ਘੱਟ ਮੀਂਹ ਕਾਰਨ 14 ਜ਼ਿਲ੍ਹਿਆਂ ’ਚ ਸਥਿਤੀ ਚਿੰਤਾਜਨਕ, ਸੂਬੇ ਦੇ 8 ਜ਼ਿਲ੍ਹਿਆਂ ਵਿਚ ਹੀ ਬਰਸਾਤ ਰੁੱਤ ਦਾ ਔਸਤ ਮੀਂਹ ਪਿਆ

Ad Position 21
No active advertisement
ਅਜੀਤ ਡੈਸਕ 16-07-2026

ਚੰਡੀਗੜ੍ਹ, 15 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਵਿਚ ਬਰਸਾਤ ਰੁੱਤ ਦੌਰਾਨ ਭਰਵੇਂ ਮੀਂਹ ਦਾ ਇੰਤਜ਼ਾਰ ਹੋ ਰਿਹਾ ਹੈ। ਸੂਬੇ ਦੇ 14 ਜ਼ਿਲ੍ਹਿਆਂ ਵਿਚ ਲੋੜੀਂਦਾ ਮੀਂਹ ਨਾ ਪੈਣ ਕਾਰਨ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਹੁਣ ਤੱਕ 8 ਜ਼ਿਲ੍ਹਿਆਂ ਵਿਚ ਹੀ ਬਰਸਾਤ ਰੁੱਤ ਦਾ ਔਸਤ ਮੀਂਹ ਪਿਆ ਹੈ ਅਤੇ ਕੇਵਲ 1 ਜ਼ਿਲ੍ਹੇ ਫ਼ਰੀਦਕੋਟ ਵਿਚ ਔਸਤ ਤੋਂ ਵੱਧ ਮੀਂਹ ਪਿਆ ਹੈ। ਮਾਲਵਾ, ਪੁਆਧ ਅਤੇ ਦੁਆਬਾ ਖੇਤਰਾਂ ਵਿਚ ਜ਼ਿਆਦਾਤਰ ਜ਼ਿਲ੍ਹੇ ਘੱਟ ਮੀਂਹ ਦੀ ਮਾਰ ਹੇਠ ਹਨ। ਕੇਵਲ ਮਾਝਾ ਖੇਤਰ ਦੇ ਤਿੰਨਾਂ ਜ਼ਿਲ੍ਹਿਆਂ ਵਿਚ ਰੁੱਤ ਦਾ ਔਸਤ ਮੀਂਹ ਦਰਜ ਕੀਤਾ ਗਿਆ ਹੈ। ਹੁਣ ਤੱਕ ਦੁਆਬਾ ਖੇਤਰ ਦੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸਭ ਤੋਂ ਘੱਟ 29.9 ਮਿਲੀਮੀਟਰ ਅਤੇ ਮਾਲਵਾ ਖੇਤਰ ਦੇ ਫ਼ਰੀਦਕੋਟ ਜ਼ਿਲ੍ਹੇ ਨੂੰ ਸਭ ਤੋਂ ਵੱਧ 146.8 ਮਿਲੀਮੀਟਰ ਮੀਂਹ ਨਸੀਬ ਹੋਇਆ ਹੈ।ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ 1 ਜੂਨ ਤੋਂ 15 ਜੁਲਾਈ ਤੱਕ ਬਰਸਾਤ ਰੁੱਤ ਦਾ ਮੀਂਹ ਜ਼ਰੂਰ ਪਿਆ ਪਰ ਇਹ ਮੀਂਹ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਨੂੰ ਸੋਕੇ ਦੀ ਜ਼ੱਦ ਵਿਚੋਂ ਨਹੀਂ ਕੱਢ ਸਕਿਆ। ਸੂਬੇ ਦੇ ਪੰਜ ਜ਼ਿਲ੍ਹਿਆਂ ਵਿਚ 60 ਤੋਂ 83 ਫ਼ੀਸਦੀ ਮੀਂਹ ਘੱਟ ਪਿਆ ਹੈ, ਜਿਨ੍ਹਾਂ ਵਿਚੋਂ ਹੁਸ਼ਿਆਰਪੁਰ ’ਚ 83 ਫ਼ੀਸਦੀ, ਮੁਕਤਸਰ ’ਚ 72 ਫ਼ੀਸਦੀ, ਬਰਨਾਲਾ ’ਚ 68 ਫ਼ੀਸਦੀ, ਫ਼ਤਿਹਗੜ੍ਹ ਸਾਹਿਬ ’ਚ 61 ਫ਼ੀਸਦੀ ਅਤੇ ਰੂਪਨਗਰ ਵਿਚ 62 ਫ਼ੀਸਦੀ ਬਰਸਾਤੀ ਮੀਂਹ ਘੱਟ ਬਰਸਿਆ ਹੈ। ਜਦੋਂਕਿ 30 ਤੋਂ 59 ਫ਼ੀਸਦੀ ਘੱਟ ਮੀਂਹ ਵਾਲੇ ਜ਼ਿਲ੍ਹਿਆਂ ਵਿਚ 9 ਜ਼ਿਲ੍ਹੇ ਸ਼ਾਮਲ ਹਨ, ਜਿਨ੍ਹਾਂ ਵਿਚੋਂ ਮਾਨਸਾ ’ਚ 57 ਫ਼ੀਸਦੀ, ਬਠਿੰਡਾ ’ਚ 51 ਫ਼ੀਸਦੀ, ਐਸ.ਏ.ਐਸ ਨਗਰ ’ਚ 50 ਫ਼ੀਸਦੀ, ਐਸ.ਬੀ.ਐਸ ਨਗਰ ’ਚ 48 ਫ਼ੀਸਦੀ, ਫ਼ਾਜ਼ਿਲਕਾ ’ਚ 38 ਫ਼ੀਸਦੀ, ਕਪੂਰਥਲਾ ’ਚ 38 ਫ਼ੀਸਦੀ, ਪਟਿਆਲਾ ’ਚ 34 ਫ਼ੀਸਦੀ ਅਤੇ ਸੰਗਰੂਰ ਸਮੇਤ ਮਲੇਰਕੋਟਲਾ ’ਚ 33 ਫ਼ੀਸਦੀ ਮੀਂਹ ਘੱਟ ਰਿਹਾ। ਸੂਬੇ ਦੇ 8 ਜ਼ਿਲ੍ਹੇ ਹੀ ਹਰੇ ਰੰਗ ਵਿਚ ਰੰਗੇ ਨਜ਼ਰ ਆਉਂਦੇ ਹਨ, ਜਿਥੇ ਬਰਸਾਤ ਰੁੱਤ ਦਾ ਔਸਤ ਮੀਂਹ ਪਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਤਰਨ ਤਾਰਨ, ਫ਼ਿਰੋਜ਼ਪੁਰ, ਮੋਗਾ, ਜਲੰਧਰ ਅਤੇ ਲੁਧਿਆਣਾ ਸ਼ਾਮਿਲ ਹਨ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਤੱਕ ਪਏ ਮੀਂਹ ਦੇ ਅੰਕੜੇ ਪੰਜਾਬ ਪ੍ਰਤੀ ਬੱਦਲਾਂ ਦੀ ਬੇਰੁਖ਼ੀ ਨੂੰ ਉਜਾਗਰ ਕਰਦੇ ਹਨ। ਜੇਕਰ ਅਗਲੇ ਦਿਨਾਂ ਦੌਰਾਨ ਬੱਦਲਾਂ ਦੀ ਸਰਗਰਮੀ ਘੱਟ ਰਹਿੰਦੀ ਹੈ ਤਾਂ ਇਹ ਸਮੁੱਚੇ ਸੂਬੇ ਲਈ ਹਾਨੀਕਾਰਕ ਸਿੱਧ ਹੋਵੇਗੀ ਅਤੇ ਇਸ ਦਾ ਖੇਤੀਬਾੜੀ ਖੇਤਰ ਵਿਚ ਸਭ ਤੋਂ ਵੱਧ ਮਾੜਾ ਅਸਰ ਪਵੇਗਾ।

Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਜਸਵੰਤ ਸਿੰਘ ਖਾਲੜਾ ਦੇ ਹੱਤਿਆਰਿਆਂ ਦੀ ਰਿਹਾਈ ਨਿਆਂ ਤੇ ਮਨੁੱਖੀ ਅਧਿਕਾਰਾਂ ’ਤੇ ਗੰਭੀਰ ਸਵਾਲ-ਜਸਟਿਸ ਰਣਜੀਤ ਸਿੰਘ
Ad Position 24
No active advertisement