* ਗੁਰਦੁਆਰਾ ਚੋਣ ਡਾਇਰੈਕਟੋਰੇਟ ਕੋਲੋਂ ਮੰਗਿਆ ਜਵਾਬ, ਪਿਛਲੇ ਆਦੇਸ਼ ਮੁਤਾਬਿਕ ਚੋਣਾਂ ਕਰਾਉਣ ਲਈ ਕੀ-ਕੀ ਕਾਰਵਾਈ ਕੀਤੀ ? * ਚੋਣਾਂ ਲਮਕਾਉਣ ਵਾਲਿਆਂ ਦੇ ਮਨਸੂਬੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ- ਗੁਰਮੀਤ ਸਿੰਘ ਸ਼ੰਟੀ
ਨਵੀਂ ਦਿੱਲੀ, 15 ਜੁਲਾਈ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ, ਦਿੱਲੀ ਗੁਰਦੁਆਰਾ ਚੋਣਾਂ ਕਰਾਉਣ ਲਈ ਹੋਰ ਸਮਾਂ ਮੰਗੇ ਜਾਣ ਦੀ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ (ਦਿੱਲੀ ਸਰਕਾਰ) ਦੀ ਮੰਗ ’ਤੇ ਤਤਕਾਲ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਦਾਲਤ ਨੇ 24 ਫਰਵਰੀ 2026 ਨੂੰ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ 30 ਸਤੰਬਰ ਤੱਕ ਚੋਣਾਂ ਕਰਾਏ ਜਾਣ ਦਾ ਆਦੇਸ਼ ਦਿੱਤਾ ਸੀ। ਪਰ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਦਿੱਲੀ ਵਿਚ ਹੋ ਰਹੀ ਐਸ.ਆਈ.ਆਰ..(ਵਿਸ਼ੇਸ਼ ਤੀਬਰ ਸੋਧ) ਅਤੇ ਸਟਾਫ਼ ਦੀ ਕਮੀ ਦਾ ਹਵਾਲਾ ਦੇ ਕੇ ਗੁਰਦੁਆਰਾ ਚੋਣਾਂ ਕਰਾਏ ਜਾਣ ਲਈ 6 ਮਹੀਨੇ ਦਾ ਹੋਰ ਸਮਾਂ ਮੰਗਿਆ ਸੀ। ਹਾਈ ਕੋਰਟ ਵਲੋਂ ਇਸ ਸਬੰਧੀ ਕੋਈ ਰਾਹਤ ਨਹੀਂ ਦਿੱਤੀ ਗਈ,ਸਗੋਂ 24 ਫਰਵਰੀ ਦੇ ਆਦੇਸ਼ ਮੁਤਾਬਿਕ 30 ਸਤੰਬਰ ਤੱਕ ਚੋਣਾਂ ਕਰਾਉਣ ਲਈ ਕੀ-ਕੀ ਕਾਰਵਾਈ ਕੀਤੀ ਹੈ, ਉਸ ਦਾ ਸਾਰਾ ਵੇਰਵਾ ਗੁਰਦੁਆਰਾ ਚੋਣ ਡਾਇਰੈਕਟੋਰੇਟ ਕੋਲੋਂ ਮੰਗਿਆ ਗਿਆ ਹੈ। ਪਟੀਸ਼ਨਰ ਗੁਰਮੀਤ ਸਿੰਘ ਸ਼ੰਟੀ (ਕੌਮੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ) ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਦਿੱਲੀ ਹਾਈ ਕੋਰਟ ਦਾ 24 ਫਰਵਰੀ ਦਾ ਆਦੇਸ਼ ਫ਼ਿਲਹਾਲ ਪੂਰੀ ਤਰ੍ਹਾਂ ਕਾਇਮ ਹੈ ਅਤੇ ਚੋਣਾਂ ਲਮਕਾਉਣ ਦੀ ਕੋਸ਼ਿਸ਼ ’ਚ ਜੁੱਟੀਆਂ ਧਿਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਸ਼ੰਟੀ ਨੇ ਕਿਹਾ ਕਿ ਮੌਜੂਦਾ ਸਮੇਂ ਦਿੱਲੀ ਕਮੇਟੀ ’ਤੇ ਕਾਬਜ਼ ਪਾਰਟੀ ਦਾ ਹੀ ਇਕ ਮੈਂਬਰ ,ਇਸ ਵੇਲੇ ਦਿੱਲੀ ਸਰਕਾਰ ਵਿਚ ਮੰਤਰੀ ਹੈ ਅਤੇ ਇਨ੍ਹਾਂ ਸਾਰਿਆਂ ਵਲੋਂ ਰਲ ਕੇ ਗੁਰਦੁਆਰਾ ਚੋਣਾਂ ਲਮਕਾਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਸ਼ੰਟੀ ਨੇ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਦਿੱਲੀ ਹਾਈ ਕੋਰਟ ਵਲੋਂ ਚੋਣਾਂ ਲਮਕਾਉਣ ਵਾਲਿਆਂ ਦੇ ਮਨਸੂਬੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ।
ਦਿੱਲੀ ਹਾਈ ਕੋਰਟ ਨੇ ਦਿੱਲੀ ਗੁਰਦੁਆਰਾ ਚੋਣਾਂ ਕਰਾਉਣ ਲਈ 6 ਮਹੀਨੇ ਦਾ ਹੋਰ ਸਮਾਂ ਦੇਣ ਤੋਂ ਕੀਤਾ ਇਨਕਾਰ
ਅਜੀਤ ਡੈਸਕ
16-07-2026