ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ’ਚ ਸਥਿਤੀ ਹੋਈ ਆਪੇ ਤੋਂ ਬਾਹਰ
ਕਾਦੀਆਂ, 16 ਜੁਲਾਈ (ਕੁਲਵਿੰਦਰ ਸਿੰਘ, ਹਰਦੀਪ ਸਿੰਘ ਸੰਧੂ)-ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਵਾਸਤੇ ਰੱਖੀ ਮੀਟਿੰਗ ਤੋਂ ਪਹਿਲਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਕਾਰ ਨਗਰ ਕੌਂਸਲ ਕੰਪਲੈਕਸ ਅੰਦਰ ਪਹੁੰਚਣ ਤੋਂ ਪਹਿਲਾਂ ਹੀ ਸੜਕ ’ਤੇ ਭਾਰੀ ਹੰਗਾਮਾ ਹੋ ਗਿਆ। ਹੰਗਾਮੇ ਅਤੇ ਝੜਪ ਦਾ ਕਾਰਨ ਚੋਣ ਜਿੱਤੇ ਤਿੰਨ ਕੌਂਸਲਰਾਂ ਖ਼ਿਲਾਫ਼ ਥਾਣਾ ਕਾਦੀਆਂ ਅੰਦਰ ਪੁਲਿਸ ਵਲੋਂ ਬੀਤੇ ਦਿਨ ਝਗੜੇ ਦਾ ਮਾਮਲਾ ਦਰਜ ਹੋਣ ਕਾਰਨ ਆਮ ਆਦਮੀ ਪਾਰਟੀ ਵਲੋਂ ਉਕਤ ਕੌਂਸਲਰਾਂ ਨੂੰ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਮੇਂ ਵੋਟ ਨਾ ਪਾਉਣ ਤੋਂ ਰੋਕਿਆ ਜਾ ਰਿਹਾ ਸੀ । ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਵਾਸਤੇ ਤੀਸਰੀ ਵਾਰ ਮੀਟਿੰਗ ਰੱਖੀ ਗਈ ਸੀ । ਹੰਗਾਮੇ ਕਾਰਨ ਕੁਝ ਕੌਂਸਲਰ ਨਗਰ ਕੌਂਸਲ ਕੰਪਲੈਕਸ ਅੰਦਰ ਦਾਖ਼ਲ ਨਾ ਹੋ ਸਕੇ । ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਆਪਣੀ ਪਾਰਟੀ ਦੇ ਜਿੱਤੇ 4 ਕਾਂਗਰਸੀ ਕੌਂਸਲਰ, 2 ਅਕਾਲੀ ਦਲ ਤੇ ਇਕ ਆਜ਼ਾਦ ਕੌਂਸਲਰ ਨੂੰ ਨਾਲ ਲੈ ਕੇ ਆਪਣੀ ਰਿਹਾਇਸ਼ ਤੋਂ ਇਕ ਮਿੰਨੀ ਟੂਰਿਸਟ ਬੱਸ ਵਿਚ ਸਵਾਰ ਹੋ ਕੇ ਕਾਫ਼ਲੇ ਦੇ ਰੂਪ ਵਿਚ ਨਗਰ ਕੌਂਸਲ ਕਾਦੀਆਂ ਦੇ ਦਫ਼ਤਰ ਨਜ਼ਦੀਕ ਪੁੱਜੇ ਸਨ ਕਿ ਹੰਗਾਮਾ ਸ਼ੁਰੂ ਹੋ ਗਿਆ। ਮੌਕੇ ’ਤੇ ਪੁਲਿਸ ਪ੍ਰਸ਼ਾਸਨ ਵਲੋਂ ਪ੍ਰਬੰਧ ਕੀਤੇ ਹੋਏ ਸਨ, ਪਰ ਇਸਦੇ ਬਾਵਜੂਦ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਭਾਰੀ ਹੰਗਾਮਾ ਤੇ ਝੜਪ ਸ਼ੁਰੂ ਹੋ ਗਈ ।
ਨਿਯੁਕਤ ਅਬਜ਼ਰਵਰ ਦੀ ਹਾਜ਼ਰੀ ਵਿਚ ਗੁੰਡਾਗਰਦੀ ਹੋਈ-ਪ੍ਰਤਾਪ ਸਿੰਘ ਬਾਜਵਾ
ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਰਿਹਾਇਸ਼ ਨੂੰ ਮੁੜ ਗਏ ਤੇ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਕਾਦੀਆਂ ਸ਼ਹਿਰ ਅੰਦਰ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਮੌਕੇ ਇਤਿਹਾਸ ਵਿਚ ਪਹਿਲੀ ਵਾਰ ਇਸ ਤਰ੍ਹਾਂ ਦਾ ਮਾਹੌਲ ਵੇਖਿਆ ਗਿਆ, ਜਦੋਂ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਗੁੰਡਾਗਰਦੀ ਹੋਈ ਹੈ। ਮੌਜੂਦਾ ਸਰਕਾਰ ਦੀ ਸ਼ਹਿ ’ਤੇ ਸਭ ਕੁਝ ਹੋਇਆ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਖ਼ਿਲਾਫ਼ ਤਿੱਖਾ ਰੋਸ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਮਿਲੀਭੁਗਤ ਨਾਲ ਕਾਦੀਆਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਮੌਕੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਅਤੇ ਆਮ ਆਦਮੀ ਪਾਰਟੀ ਵਲੋਂ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ। ਉਨ੍ਹਾਂ ਹੋਰ ਕਿਹਾ ਕਿ ਉਨ੍ਹਾਂ ਨੂੰ ਮਾਨਯੋਗ ਹਾਈਕੋਰਟ ਤੋਂ ਪਹਿਲਾਂ ਹੀ ਆਪਣੇ ਕੌਂਸਲਰਾਂ ਦੀ ਸੁਰੱਖਿਆ ਤੇ ਚੋਣ ਮੌਕੇ ਸੁਰੱਖਿਆ ਪ੍ਰਬੰਧ ਕਰਨ ਲਈ ਅਪੀਲ ਕੀਤੀ ਸੀ, ਪਰ ਇਸ ਦੇ ਬਾਵਜੂਦ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ ਤੇ ਚੋਣ ਵਾਸਤੇ ਨਿਯੁਕਤ ਅਬਜ਼ਰਵਰ ਦੀ ਹਾਜ਼ਰੀ ਵਿਚ ਗੁੰਡਾਗਰਦੀ ਹੋਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਦੇ ਮੌਕੇ ’ਤੇ ਮੌਜੂਦ ਉੱਚ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਇਸ ਵਾਸਤੇ ਕਾਨੂੰਨੀ ਲੜਾਈ ਲੜੀ ਜਾਵੇਗੀ। ਉਨ੍ਹਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਵਰਕਰਾਂ ਖ਼ਿਲਾਫ਼ ਕਥਿਤ ਦੋਸ਼ ਲਗਾਇਆ ਹੈ ਕਿ ਆਜ਼ਾਦ ਕੌਂਸਲਰ ਜੋਗਿੰਦਰ ਕੁਮਾਰ ਨੰਦੂ ਨੂੰ ਮੌਕੇ ਤੋਂ ਚੁੱਕ ਕੇ ਭਾਰੀ ਕੁੱਟਮਾਰ ਕੀਤੀ ਗਈ ਹੈ। ਧੱਕੇਸ਼ਾਹੀ ਨਾਲ ਕੋਰਮ ਪੂਰਾ ਕੀਤਾ ਗਿਆ ਹੈ।
ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਦੀ ਚੋਣ ਮੌਕੇ ਆਮ ਆਦਮੀ ਪਾਰਟੀ ਤੇ ਕਾਂਗਰਸੀ-ਅਕਾਲੀ ਹੋਏ ਘਸੁੰਨ-ਮੁੱਕੀ
ਅਜੀਤ ਡੈਸਕ
17-07-2026