ਪਟਿਆਲਾ, 16 ਜੁਲਾਈ (ਮਨਦੀਪ ਸਿੰਘ ਖਰੌੜ)-ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸਹਿਕਾਰੀ ਸਭਾ ਤਪਾ, ਜ਼ਿਲ੍ਹਾ ਬਰਨਾਲਾ ਵਿਖੇ ਤਾਇਨਾਤ ਇੰਸਪੈਕਟਰ ਹਰਸ਼ ਬਾਂਸਲ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸੰਬੰਧੀ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਸਹਿਕਾਰੀ ਸਭਾ ਤਪਾ ਤੋਂ ਸੇਵਾਮੁਕਤ ਹੋਏ ਸਕੱਤਰ ਜੰਗ ਸਿੰਘ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਸਪੈਕਟਰ ਨੇ ਸੇਵਾਮੁਕਤੀ ਦਾ ਬਕਾਇਆ ਰਾਸ਼ੀ ਕਲੀਅਰ ਕਰਨ ਅਤੇ ਜਾਂਚ ਦਾ ਫ਼ੈਸਲਾ ਸ਼ਿਕਾਇਤਕਰਤਾ ਦੇ ਪੱਖ ਵਿਚ ਕਰਨ ਬਦਲੇ 1 ਲੱਖ ਰੁਪਏ ਰਿਸ਼ਵਤ ਮੰਗੀ ਸੀ ਤੇ ਬਾਅਦ ਵਿਚ ਇਹ ਸੌਦਾ 50,000 ਰੁਪਏ ਵਿਚ ਤੈਅ ਹੋਇਆ । ਇਸ ਸੰਬੰਧੀ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਹਿਕਾਰੀ ਸਭਾ ਦਾ ਇੰਸਪੈਕਟਰ 50 ਹਜ਼ਾਰ ਰਿਸ਼ਵਤ ਲੈਂਦਾ ਗ੍ਰਿਫ਼ਤਾਰ
ਅਜੀਤ ਡੈਸਕ
17-07-2026