02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਪੰਜਾਬੀ ਫ਼ਿਲਮ ‘ਇਸ਼ਕਨਾਮਾ’ ਦੀ ਪ੍ਰਮੋਸ਼ਨ ਲਈ ਮੁਹਾਲੀ ਪਹੁੰਚੇ ਜੈ ਰੰਧਾਵਾ

Ad Position 21
No active advertisement
ਅਜੀਤ ਡੈਸਕ 20-07-2026

ਐੱਸ. ਏ. ਐੱਸ. ਨਗਰ, 19 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-24 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਰਹੀ ਸੱਚੇ ਪਿਆਰ ਅਤੇ ਅਸਲ ਘਟਨਾਵਾਂ ਤੋਂ ਪ੍ਰੇਰਿਤ ਪੰਜਾਬੀ ਫ਼ਿਲਮ ‘ਇਸ਼ਕਨਾਮਾ’ ਦੀ ਪ੍ਰਮੋਸ਼ਨ ਲਈ ਪ੍ਰਸਿੱਧ ਗਾਇਕ ਤੇ ਅਦਾਕਾਰ ਜੈ ਰੰਧਾਵਾ ਵਿਸ਼ੇਸ਼ ਤੌਰ ’ਤੇ ਮੁਹਾਲੀ ਪਹੁੰਚੇ। ਇਸ ਫ਼ਿਲਮ ਵਿਚ ਨਿਰਮਲ ਸਿੰਘ ਨਿੰਮਾ ਦਾ ਕਿਰਦਾਰ ਨਿਭਾਅ ਰਹੇ ਅਦਾਕਾਰ ਜੈ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ‘ਇਸ਼ਕਨਾਮਾ’ ਕਿਤਾਬ ਪੜ੍ਹ ਕੇ ਮਾਝੇ ਇਲਾਕੇ ਨਾਲ ਸੰਬੰਧਿਤ ਨਿਰਮਲ ਸਿੰਘ ਨਿੰਮਾ ਦੇ ਇਸ਼ਕ ਦੀ ਇਸ ਕਹਾਣੀ ਦਾ ਪਤਾ ਲੱਗਾ ਤਾਂ ਉਹ ਇਸ ਵਿਸ਼ੇ ’ਤੇ ਫ਼ਿਲਮ ਬਣਾਉਣ ਦੀ ਇੱਛਾ ਰੱਖਦੇ ਹੋਏ ਨਿਰਮਲ ਸਿੰਘ ਨਿੰਮਾ ਨੂੰ ਮਿਲੇ। ਉਨ੍ਹਾਂ ਕਿਹਾ ਕਿ ਇਸ ਕਿਤਾਬ ’ਤੇ ਫ਼ਿਲਮ ਬਣਾਉਣ ਦੇ ਅਧਿਕਾਰ 2022 ਵਿਚ ਹਾਸਿਲ ਕੀਤੇ ਸਨ ਤੇ ਇਹ ਫ਼ਿਲਮ ਵੱਡੇ ਬਜਟ ਦੀ ਫ਼ਿਲਮ ਹੋਣ ਦੇ ਚੱਲਦਿਆਂ ਹਰ ਪੱਧਰ ’ਤੇ ਬਾਰੀਕੀ ਨਾਲ ਕੰਮ ਕਰਨ ਕਰਕੇ ਫ਼ਿਲਮ ਬਣਾਉਣ ਲਈ ਉਨ੍ਹਾਂ ਨੂੰ 4 ਸਾਲ ਲੱਗੇ ਹਨ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ’ਚ ਐਕਸ਼ਨ ਸੀਨ ਵੀ ਉਨ੍ਹਾਂ ਆਪ ਕੀਤੇ ਹਨ ਤੇ ਫ਼ਿਲਮ ਦੇ ਸੈਂਟ ’ਤੇ ਇਕ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੇ ਸੱਟ ਲੱਗ ਗਈ ਸੀ ਤੇ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ ਸੀ। ਅਦਾਕਾਰ ਜੈ ਰੰਧਾਵਾ ਨੇ ਕਿਹਾ ਕਿ ਮੁਹੱਬਤ, ਪਿਆਰ ਅਤੇ ਇਸ਼ਕ ਵਿਚ ਦੋਵਾਂ ਦਾ ਯੋਗਦਾਨ ਹੁੰਦਾ, ਇਹ ਇਕ ਪਾਸੜ ਨਹੀਂ ਹੁੰਦਾ। ਫਿਲਮ ਬਾਰੇ ਉਨ੍ਹਾਂ ਦੱਸਿਆ ਕਿ ਨਿੰਮਾ ਸੰਘਣੇ ਜੰਗਲ ਟੱਪ ਕੇ ਪਾਕਿਸਤਾਨ ਨਜ਼ੀਮਾ ਨੂੰ ਮਿਲਣ ਜਾਂਦੇ ਸੀ, ਜਦਕਿ ਨਜ਼ੀਮਾ ਉਥੇ ਉਨ੍ਹਾਂ ਦਾ ਇੰਤਜ਼ਾਰ ਕਰਦੀ ਸੀ, ਬੇਗਾਨੇ ਮੁਲਕ ਦੇ ਬੰਦੇ ਨੂੰ ਆਪਣੇ ਮੁਲਕ ਵਿਚ ਸੰਭਾਲ ਕੇ ਰੱਖਣਾ, ਲਕੋ ਕੇ ਰੱਖਣਾ ਅਤੇ ਵਾਪਸ ਜਾਣ ਵਿਚ ਮਦਦ ਕਰਨਾ ਬਹੁਤ ਦਲੇਰੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕੰਮ ਕਰਦਿਆਂ ਨੂੰ 14 ਸਾਲ ਹੋ ਗਏ ਹਨ ਪਰ ਪੰਜਾਬੀ ਇੰਡਸਟਰੀ ਵਿਚ ਕੰਮ ਕਰਦਿਆਂ ਹੁਣ ਮੈਨੂੰ ਬੋਲਣ ਦੀ ਲੋੜ ਨਹੀਂ ਹੈ, ਮੇਰੇ ਕੰਮ ਬੋਲਦੇ ਹਨ। ਉਨ੍ਹਾਂ ਸਾਰਿਆਂ ਨੂੰ 24 ਜੁਲਾਈ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਇਸ਼ਕਨਾਮਾ’ ਸਿਨੇਮਾ ਘਰਾਂ ਵਿਚ ਜਾ ਕੇ ਦੇਖਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਦਰਸ਼ਕ ਇਹ ਫ਼ਿਲਮ ਦੇਖਣਗੇ ਤਾਂ ਉਹ ਆਪ ਕਹਿਣਗੇ ਕਿ ਇਨ੍ਹਾਂ ਦੋਵਾਂ ਦਾ ਮਿਲਾਪ ਮੁੜ ਹੋਣਾ ਚਾਹੀਦਾ ਹੈ।

Ad Position 22
No active advertisement
ਪਿਛਲੀ ਖ਼ਬਰ ਸੋਨਮ ਵਾਂਗਚੁਕ ਦੀ ਸਿਹਤ ਦੇਸ਼ ਲਈ ਚਿੰਤਾ ਦਾ ਵਿਸ਼ਾ-ਅਸ਼ਵਨੀ ਕੁਮਾਰ ਅਗਲੀ ਖ਼ਬਰ ‘ਦਸਤਾਰ’ ਫ਼ਿਲਮ ਦੇ ਪ੍ਰੀਮੀਅਰ ਸ਼ੋਅ ਮੌਕੇ ਮੁਹਾਲੀ ’ਚ ਸਟਾਰ ਕਾਸਟ ਨੇ ਲਗਾਈਆਂ ਰੌਣਕਾਂ
Ad Position 24
No active advertisement