ਮੂਣਕ, 23 ਜੁਲਾਈ (ਕੇਵਲ ਸਿੰਗਲਾ)-ਮੱਧ ਪੂਰਬ ’ਚ ਵਧਦੇ ਜੰਗੀ ਤਣਾਅ ਅਤੇ ਲਾਲ ਸਾਗਰ ‘ਚ ਹੂਤੀ ਬਾਗੀਆਂ ਵਲੋਂ ਸਾਊਦੀ ਅਰਬ ਦੇ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਚੜ੍ਹ ਰਹੀਆਂ ਹਨ। ਵੀਰਵਾਰ ਨੂੰ ਕੱਚੇ ਤੇਲ ਦੀ ਕੀਮਤ 99.70 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ। ਇਸੇ ਤਰ੍ਹਾਂ ਅਮਰੀਕੀ ਮਾਪਦੰਡ ਡਬਲਿਊ.ਟੀ.ਆਈ. ਕੱਚਾ ਤੇਲ ਵੀ 90.90 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ। ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ ਦੋ ਹਫ਼ਤਿਆਂ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਭਗ 20 ਫ਼ੀਸਦੀ ਦਾ ਵਾਧਾ ਹੋ ਚੁੱਕਾ ਹੈ ਅਤੇ ਨਿਵੇਸ਼ਕ ਹੁਣ ਮੱਧ ਪੂਰਬ ਤੋਂ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦੇ ਖ਼ਤਰੇ ਨੂੰ ਧਿਆਨ ਵਿਚ ਰੱਖ ਕੇ ਕਾਰੋਬਾਰ ਕਰ ਰਹੇ ਹਨ। ਹੂਤੀ ਬਾਗੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਲਾਲ ਸਾਗਰ ਦੇ ਅਹਿਮ ਸਮੁੰਦਰੀ ਰਸਤੇ ਬਾਬ ਅਲ-ਮੰਦੇਬ ਜਲਡਮਰੂ ਵਿਚ ਦੋ ਸਾਊਦੀ ਤੇਲ ਟੈਂਕਰਾਂ ‘ਤੇ ਹਮਲੇ ਕੀਤੇ ਹਨ। ਇਸ ਤੋਂ ਬਾਅਦ ਕੁਝ ਤੇਲ ਟੈਂਕਰਾਂ ਨੇ ਸੁਰੱਖਿਆ ਕਾਰਨਾਂ ਕਰਕੇ ਆਪਣਾ ਰਸਤਾ ਬਦਲ ਲਿਆ ਹੈ। ਇਹ ਸਮੁੰਦਰੀ ਰਸਤਾ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਆਵਾਜਾਈ ਮਾਰਗਾਂ ਵਿਚੋਂ ਇਕ ਮੰਨਿਆ ਜਾਂਦਾ ਹੈ ਅਤੇ ਸਾਊਦੀ ਅਰਬ ਆਪਣੇ ਵੱਡੇ ਹਿੱਸੇ ਦਾ ਤੇਲ ਇਸੇ ਰਸਤੇ ਰਾਹੀਂ ਬਰਾਮਦ ਕਰਦਾ ਹੈ। ਰਿਪੋਰਟਾਂ ਮੁਤਾਬਕ ਨਿਸ਼ਾਨਾ ਬਣੇ ਦੋ ਟੈਂਕਰਾਂ ਵਿਚੋਂ ਇਕ ਭਾਰਤ ਲਈ ਸਾਊਦੀ ਕੱਚਾ ਤੇਲ ਲੈ ਕੇ ਆ ਰਿਹਾ ਸੀ, ਜਦਕਿ ਦੂਜਾ ਚੀਨ ਲਈ ਰਵਾਨਾ ਸੀ। ਇਸ ਕਾਰਨ ਏਸ਼ੀਆ ਦੇ ਵੱਡੇ ਤੇਲ ਦਰਾਮਦਕਾਰਾਂ ਦੇਸ਼ਾਂ ਵਿਚ ਵੀ ਚਿੰਤਾ ਦਾ ਮਾਹੌਲ ਬਣ ਗਿਆ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਲਾਲ ਸਾਗਰ ਵਿੱਚ ਤਣਾਅ ਜਾਰੀ ਰਹਿੰਦਾ ਹੈ ਅਤੇ ਤੇਲ ਟੈਂਕਰਾਂ ਦੀ ਆਵਾਜਾਈ ਹੋਰ ਪ੍ਰਭਾਵਿਤ ਹੁੰਦੀ ਹੈ ਤਾਂ ਬ੍ਰੈਂਟ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਵੀ ਉੱਪਰ ਜਾ ਸਕਦੀ ਹੈ। ਇਸ ਦਾ ਸਿੱਧਾ ਅਸਰ ਪੈਟਰੋਲ, ਡੀਜ਼ਲ ਅਤੇ ਹੋਰ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ‘ਤੇ ਪਵੇਗਾ ਅਤੇ ਵਿਸ਼ਵ ਪੱਧਰ ‘ਤੇ ਮਹਿੰਗਾਈ ਵਿਚ ਹੋਰ ਵਾਧਾ ਹੋ ਸਕਦਾ ਹੈ। ਭਾਰਤ ਵਰਗੇ ਦੇਸ਼, ਜੋ ਆਪਣੀ ਤੇਲ ਦੀ ਲੋੜ ਦਾ 85 ਫ਼ੀਸਦੀ ਹਿੱਸਾ ਦਰਾਮਦ ਰਾਹੀਂ ਪੂਰਾ ਕਰਦੇ ਹਨ, ਉਨ੍ਹਾਂ ਲਈ ਇਹ ਸਥਿਤੀ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ। ਜੇਕਰ ਕੱਚੇ ਤੇਲ ਦੀਆਂ ਕੀਮਤਾਂ ਲੰਬੇ ਸਮੇਂ ਤੱਕ ਉੱਚ ਪੱਧਰ ‘ਤੇ ਰਹਿੰਦੀਆਂ ਹਨ ਤਾਂ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਮਹਿੰਗੇ ਹੋਣ ਦੇ ਨਾਲ-ਨਾਲ ਆਵਾਜਾਈ, ਉਦਯੋਗ ਅਤੇ ਆਮ ਵਰਤੋਂ ਦੀਆਂ ਵਸਤੂਆਂ ਦੀਆਂ ਕੀਮਤਾਂ ‘ਤੇ ਵੀ ਇਸ ਦਾ ਅਸਰ ਪੈ ਸਕਦਾ ਹੈ।
ਲਾਲ ਸਾਗਰ ’ਚ ਹੂਤੀ ਹਮਲਿਆਂ ਕਾਰਨ ਵਿਸ਼ਵ ਬਾਜ਼ਾਰ ਵਿਚ ਹਲਚਲ, ਭਾਰਤ ਸਮੇਤ ਤੇਲ ਆਯਾਤਕ ਦੇਸ਼ਾਂ ਦੀ ਚਿੰਤਾ ਵਧੀ
ਅਜੀਤ ਡੈਸਕ
24-07-2026