ਅੰਮ੍ਰਿਤਸਰ, 24 ਜੁਲਾਈ (ਰੇਸ਼ਮ ਸਿੰਘ)-ਧਮਕੀ ਭਰੀਆਂ ਕਾਲਾਂ ਰਾਹੀਂ ਫ਼ਿਰੌਤੀ ਮੰਗਣ ਦੇ ਮਾਮਲੇ ਦੀ ਗੁੱਥੀ ਸੁਲਝਾ ਕੇ ਪੁਲਿਸ ਵਲੋਂ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਵਲੋਂ 15 ਲੱਖ ਦੀ ਫ਼ਿਰੌਤੀ ਮੰਗੀ ਗਈ ਸੀ। ਇਹ ਜਾਣਕਾਰੀ ਦਿੰਦਿਆਂ ਏ.ਸੀ.ਪੀ. ਪੂਰਬੀ ਰਵਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਪ੍ਰਿੰਸਪਾਲ ਸਿੰਘ ਉਰਫ਼ ਪ੍ਰਿੰਸ ਤੇ ਰੁਪਿੰਦਰ ਸਿੰਘ ਵਜੋਂ ਹੋਈ ਹੇ। ਉਨ੍ਹਾਂ ਦੱਸਿਆ ਕਿ ਪੀੜਤ ਸੁਖਜਿੰਦਰ ਸਿੰਘ ਵਾਸੀ ਦਸ਼ਮੇਸ਼ ਨਗਰ ਵੇਰਕਾ ਵਿਦੇਸ਼ੀ (ਕੈਨੇਡਾ) ਨੰਬਰ ਤੋਂ ਲਗਾਤਾਰ ਧਮਕੀ ਭਰੀਆਂ ਕਾਲਾਂ ਕਰਕੇ ਫ਼ਿਰੌਤੀ ਦੀ ਮੰਗ ਕੀਤੀ ਜਾ ਰਹੀ, ਜਿਸ ਉਪਰੰਤ ਇੰਸਪੈਕਟਰ ਸੁਮਨਦੀਪ ਕੌਰ ਥਾਣਾ ਮੁਖੀ ਵੇਰਕਾ ਦੀ ਨਿਗਰਾਨੀ ਹੇਠ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਵਲੋਂ ਹਿਊਮਨ ਇੰਟੈਲੀਜੈਂਸ ਦੇ ਆਧਾਰ ‘ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੀੜਤ ਸੁਖਜਿੰਦਰ ਸਿੰਘ ਵਲੋਂ ਵੇਚੀ ਗਈ ਜ਼ਮੀਨ ਵਿਚ ਪ੍ਰਿੰਸਪਾਲ ਸਿੰਘ, ਜੋ ਪੀੜਤ ਦੀ ਭੂਆ ਦਾ ਜਵਾਈ ਹੈ ਅਤੇ ਉਸ ਦੀ ਪਤਨੀ ਦਾ ਵੀ ਵੇਚੀ ਗਈ ਜ਼ਮੀਨ ‘ਚ ਹਿੱਸਾ ਸੀ, ਜਿਸ ਦੇ ਬਦਲੇ ਕਰੀਬ 85 ਲੱਖ ਰੁਪਏ ਪ੍ਰਾਪਤ ਹੋਏ ਸਨ। ਇਸ ਰਕਮ ਬਾਰੇ ਪ੍ਰਿੰਸਪਾਲ ਸਿੰਘ ਨੇ ਆਪਣੇ ਦੋਸਤ ਰੁਪਿੰਦਰ ਸਿੰਘ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਦੋਵਾਂ ਨੇ ਮਿਲ ਕੇ ਫ਼ਿਰੌਤੀ ਹਾਸਲ ਕਰਨ ਦੀ ਸਾਜ਼ਿਸ਼ ਰਚੀ। ਰੁਪਿੰਦਰ ਸਿੰਘ ਨੇ ਆਪਣੇ ਭੂਆ ਦੇ ਮੁੰਡੇ ਪਾਰਸਦੀਪ ਸਿੰਘ ਵਾਸੀ ਪਿੰਡ ਚੰਬਲ ਜ਼ਿਲ੍ਹਾ ਤਰਨ ਤਾਰਨ, ਜੋ ਇਸ ਸਮੇਂ ਕੈਨੇਡਾ ਵਿਚ ਰਹਿ ਰਿਹਾ ਹੈ, ਨਾਲ ਸੰਪਰਕ ਕਰਕੇ ਗੱਲ ਕੀਤੀ ਤੇ ਉਸ ਪਾਸੋਂ ਧਮਕੀ ਲਵਾਈ ਗਈ। ਇਸ ਮਾਮਲੇ ਵਿਚ ਪਾਰਸਦੀਪ ਸਿੰਘ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ। ਉਸ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਕੈਨੇਡਾ ਤੋਂ ਭਾਰਤ ਲਿਆਉਣ ਅਤੇ ਗ੍ਰਿਫ਼ਤਾਰ ਕਰਨ ਲਈ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।