ਕੌਮੀ ਸ਼ਹੀਦ ਐਲਾਨਣ ਬਾਰੇ ਸਰਕਾਰ ਅਜੇ ਵੀ ਨਹੀਂ ਦਿਖਾ ਰਹੀ ਦਿਲਚਸਪੀ
ਅੰਮ੍ਰਿਤਸਰ, 26 ਜੁਲਾਈ (ਸੁਰਿੰਦਰ ਕੋਛੜ)-ਹਜ਼ਾਰਾ ਮੀਲ ਦਾ ਫ਼ਾਸਲਾ ਤਹਿ ਕਰਕੇ ਲੰਡਨ ‘ਚ ਜਲ੍ਹਿਆਂਵਾਲਾ ਬਾਗ ਦੇ ਖ਼ੂਨੀ ਸਾਕੇ ਦੇ ਦੋਸ਼ੀ ਤੇ ਪੰਜਾਬ ਦੇ ਸਾਬਕਾ ਲੈਫ਼ਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਮੌਤ ਦੇ ਘਾਟ ਉਤਾਰ ਕੇ ਪੰਜਾਬ ‘ਤੇ ਅੰਗਰੇਜ਼ ਹਕੂਮਤ ਵਲੋਂ ਕੀਤੇ ਜਾਣ ਵਾਲੇ ਜ਼ੁਲਮਾਂ ਦਾ ਬਦਲਾ ਲੈਣ ਵਾਲੇ ਯੋਧੇ ਸ਼ਹੀਦ ਊਧਮ ਸਿੰਘ ਨੂੰ ਸਨਮਾਨ ਭੇਟ ਕਰਦਿਆਂ ਦੇਸ਼ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਇਸ ਸ਼ਹੀਦ ਦੇ ਲਗਭਗ 50 ਬੁੱਤ ਦੇਸ਼ ਦੇ ਸਮਾਰਕਾਂ, ਬਾਗਾਂ, ਚੌਕਾਂ ਅਤੇ ਹੋਰਨਾਂ ਜਨਤਕ ਸਥਾਨਾਂ ‘ਤੇ ਸਥਾਪਿਤ ਕੀਤੇ ਜਾ ਚੁਕੇ ਹਨ। ਇਕੱਲੇ ਅੰਮ੍ਰਿਤਸਰ ਸ਼ਹਿਰ ‘ਚ ਮੌਜੂਦਾ ਸਮੇਂ ਸ਼ਹੀਦ ਊਧਮ ਸਿੰਘ ਦੇ 11-11 ਫੁੱਟ ਦੇ ਦੋ ਬੁੱਤ ਸਥਾਪਿਤ ਹਨ, ਜਿਨ੍ਹਾਂ ‘ਚੋਂ ਜਲ੍ਹਿਆਂਵਾਲਾ ਬਾਗ ਵਿਖੇ ਸਥਾਪਤ ਕੀਤੇ ਬੁੱਤ ‘ਤੇ ਪੰਜਾਬੀ ਪਹਿਰਾਵੇ ‘ਚ ਸ਼ਹੀਦ ਊਧਮ ਸਿੰਘ ਨੂੰ ਹੱਥ ‘ਚ ਜਲ੍ਹਿਆਂਵਾਲਾ ਬਾਗ ਸਾਕੇ ਦੀ ਖ਼ੂਨੀ ਮਿੱਟੀ ਲੈ ਕੇ ਇਸ ਦਾ ਬਦਲਾ ਲੈਣ ਦਾ ਸੰਕਲਪ ਲੈਂਦੇ ਹੋਏ ਵਿਖਾਇਆ ਗਿਆ ਹੈ। ਜਦਕਿ ਹਾਲ ਦਰਵਾਜ਼ੇ ਦੇ ਬਾਹਰ 26 ਦਸੰਬਰ, 1990 ਨੂੰ ਲਗਾਏ ਗਏ ਸ਼ਹੀਦ ਊਧਮ ਸਿੰਘ ਦੇ ਬੁੱਤ ‘ਤੇ ਸ਼ਹੀਦ ਨੂੰ ਸੂਟ-ਬੂਟ ਪਹਿਨ ਕੇ ਹੱਥ ‘ਚ ਪਿਸਤੌਲ ਫੜੇ ਵਿਖਾਇਆ ਗਿਆ ਹੈ। ਦੇਸ਼ ਭਰ ਦੀਆਂ ਜਥੇਬੰਦੀਆਂ ਵਲੋਂ ਸ਼ਹੀਦ ਊਧਮ ਸਿੰਘ ਨੂੰ ਐਨੇ ਵੱਡੇ ਪੱਧਰ ‘ਤੇ ਦਿੱਤੇ ਜਾ ਰਹੇ ਸਨਮਾਨ ਦੇ ਬਾਵਜੂਦ ਕੇਂਦਰ ਸਰਕਾਰ ਇਸ ਕ੍ਰਾਂਤੀਕਾਰੀ ਯੋਧੇ ਨੂੰ ‘ਸ਼ਹੀਦ’ ਐਲਾਨਣ ਦੇ ਮਾਮਲੇ ‘ਚ ਅਜੇ ਵੀ ਕੋਈ ਦਿਲਚਸਪੀ ਨਹੀਂ ਵਿਖਾ ਰਹੀ ਹੈ। ਹਾਲਾਂਕਿ, ‘ਅਜੀਤ’ ਵਲੋਂ ਇਹ ਮਾਮਲਾ ਪ੍ਰਮੁੱਖਤਾ ਨਾਲ ਚੁੱਕਣ ਤੋਂ ਬਾਅਦ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਵਲੋਂ ਸਮਾਰਕ ‘ਚ ਉਸਾਰੀ ਗਈ ਨਵੀਂ ਗੈਲਰੀ ‘ਚ ਸ਼ਹੀਦ ਊਧਮ ਸਿੰਘ ਦੀ ਤਸਵੀਰ ਦੇ ਹੇਠਾਂ ਉਨ੍ਹਾਂ ਦੇ ਨਾਂਅ ਅੱਗੇ ‘ਸ਼ਹੀਦ’ ਸ਼ਬਦ ਜ਼ਰੂਰ ਲਿਖ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜਲ੍ਹਿਆਂਵਾਲਾ ਬਾਗ ਸਮਾਰਕ ਵਿਖੇ ਸ਼ੋਅ ਕੇਸ ‘ਚ ਰੱਖੇ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੀ ਭਸਮ ਵਾਲੇ ਕਲਸ ਦੇ ਨਾਲ ਲਗਾਈ ਤਖ਼ਤੀ ‘ਤੇ ਹਿੰਦੀ, ਅੰਗਰੇਜ਼ੀ ਤੇ ਪੰਜਾਬੀ ‘ਚ ਸਿਰਫ਼ ‘ਊਧਮ ਸਿੰਘ ਦੀਆਂ ਅਸਥੀਆਂ’ ਲਿਖਿਆ ਹੋਇਆ ਸੀ। ਜਦਕਿ ਹੁਣ ਉਕਤ ਤਸਵੀਰ ਦੇ ਹੇਠਾਂ ‘ਸ਼ਹੀਦ ਊਧਮ ਸਿੰਘ’ ਅਤੇ ਅਸਥੀਆਂ ਦੇ ਕਲਸ਼ ਵਾਲੇ ਸ਼ੋਅ ਕੇਸ ਦੇ ਬਾਹਰ ਤਿੰਨ ਭਾਸ਼ਾਵਾਂ ‘ਚ ‘19 ਜੁਲਾਈ 1974 ਨੂੰ ਭਾਰਤ ਲਿਆਂਦੀਆਂ ਗਈਆਂ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ’ ਲਿਖਿਆ ਸਾਫ਼ ਪੜ੍ਹਿਆ ਜਾ ਸਕਦਾ ਹੈ।
ਸ਼ਹੀਦ ਊਧਮ ਸਿੰਘ ਦੇ ਦੇਸ਼ ਭਰ ’ਚ ਕਰੀਬ 50 ਬੁੱਤ ਸਥਾਪਿਤ
ਅਜੀਤ ਡੈਸਕ
27-07-2026