ਸੰਗਰੂਰ, 28 ਜੁਲਾਈ (ਧੀਰਜ ਪਸੋਰੀਆ)-ਸੰਗਰੂਰ ਦੀ ਅਦਾਲਤ ਵਲੋਂ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਖ਼ਿਲਾਫ਼ ਵਾਰੰਟ ਜਾਰੀ ਕੀਤੇ ਗਏ ਹਨ। ਮੁਦਈ ਪੱਖ ਦੇ ਵਕੀਲ ਲਲਿਤ ਕੁਮਾਰ ਗਰਗ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ 28 ਜੁਲਾਈ ਲਈ ਸੰਮਨ ਜਾਰੀ ਕੀਤੇ ਗਏ ਸਨ ਪਰ ਉਹ ਅੱਜ ਅਦਾਲਤ ਵਿਚ ਪੇਸ਼ ਨਹੀਂ ਹੋਏ, ਜਿਸ ਦੇ ਚਲਦਿਆਂ ਅਦਾਲਤ ਨੇ ਖੜਗੇ ਨੂੰ 19 ਸਤੰਬਰ ਲਈ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ 2023 ਵਿਚ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਲਈ ਕਾਂਗਰਸ ਵਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਬਜਰੰਗ ਦਲ ਉਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਸੀ ਅਤੇ ਇਸ ਦੀ ਤੁਲਨਾ ਭਾਰਤ ਦੀਆਂ ਪਾਬੰਦੀਸੁਦਾ ਸੰਸਥਾਵਾਂ ‘ਪੀ.ਐਫ.ਆਈ.’ ਅਤੇ ‘ਸਿੰਮੀ’ ਨਾਲ ਕੀਤੀ ਸੀ। ਕਾਂਗਰਸ ਪਾਰਟੀ ਦਾ ਇਹ ਚੋਣ ਮਨੋਰਥ ਪੱਤਰ ਸੋਸ਼ਲ ਮੀਡੀਆ ਰਾਹੀਂ ਸੰਗਰੂਰ ਵਿਚ ਵੀ ਸਰਕੂਲੇਟ ਹੋਇਆ ਸੀ। ਇਸ ਨੂੰ ਲੈ ਕੇ ਹਿੰਦੂ ਸੁਰੱਖਿਆ ਪ੍ਰੀਸ਼ਦ ਦੇ ਕੌਮੀ ਪ੍ਰਧਾਨ ਹਿਤੇਸ਼ ਭਰਦਵਾਜ਼ ਨੇ ਸੰਗਰੂਰ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਇਸ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਇਸ ਲਈ ਕਾਂਗਰਸ ਪ੍ਰਧਾਨ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਪੁਲਿਸ ਨੇ ਇਹ ਕਹਿੰਦਿਆ ਕਿ ਕੇਸ ਪਹਿਲਾਂ ਹੀ ਅਦਾਲਤ ਵਿਚ ਹੈ, ਇਸ ਲਈ ਪੁਲਿਸ ਦੇ ਕਰਨ ਯੋਗ ਕਿਸੇ ਕਾਰਵਾਈ ਦੀ ਜਰੂਰਤ ਨਹੀਂ ਹੈ। ਹਿਤੇਸ਼ ਭਰਦਵਾਜ ਨੇ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ’ਤੇ ਇਸ ਸੰਬੰਧੀ ਅਦਾਲਤ ਵਿਚ ਆਪਣੇ ਵਕੀਲ ਲਲਿਤ ਕੁਮਾਰ ਗਰਗ ਰਾਹੀਂ ਸ਼ਿਕਾਇਤ ਕੀਤੀ ਸੀ। ਇਸ ਦੌਰਾਨ ਹਿਤੇਸ਼ ਭਰਦਵਾਜ ਦੀ ਮੌਤ ਹੋ ਗਈ ਅਤੇ ਅਦਾਲਤ ਨੇ ਇਸ ਸ਼ਿਕਾਇਤ ਸੰਬੰਧੀ ਉਸ ਦੇ ਪੁੱਤਰ ਭਵਿਆ ਭਰਦਵਾਜ ਨੂੰ ਉੱਤਰਾਧਿਕਾਰੀ ਮੰਨ ਲਿਆ।
ਸੰਗਰੂਰ ਦੀ ਅਦਾਲਤ ਵਲੋਂ ਮਲਿਕਅਰਜੁਨ ਖੜਗੇ ਖ਼ਿਲਾਫ਼ ਸੰਮਨ ਜਾਰੀ
ਅਜੀਤ ਡੈਸਕ
29-07-2026