03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਚੰਡੀਗੜ੍ਹ ਪੁਲਿਸ ਵਲੋਂ ਇਆਲੀ ਸਮੇਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ 15 ਆਗੂਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 31-07-2026

ਚੰਡੀਗੜ੍ਹ, 30 ਜੁਲਾਈ (ਕਪਿਲ ਵਧਵਾ)-‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਬੀਤੇ ਕੱਲ੍ਹ ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੁਹਾਲੀ ਤੋਂ ਚੱਲ ਕੇ ਚੰਡੀਗੜ੍ਹ ਤੱਕ ਕੱਢੇ ਗਏ ਰੋਸ ਪ੍ਰਦਰਸ਼ਨ ਦੇ ਸੰਬੰਧ ’ਚ ਚੰਡੀਗੜ੍ਹ ਪੁਲਿਸ ਨੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਮੇਤ 15 ਆਗੂਆਂ ਖ਼ਿਲਾਫ਼ ਥਾਣਾ ਸੈਕਟਰ-49 ਵਿਚ ਐੱਫ.ਆਈ.ਆਰ. ਦਰਜ ਕੀਤੀ ਹੈ। ਪੁਲਿਸ ਨੇ ਬੀ.ਐਨ.ਐਸ. ਦੀਆਂ ਧਾਰਾਵਾਂ 121(1), 132 ਅਤੇ 223 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ ਮ੍ਰਿਤਕ ਅਕਾਲੀ ਆਗੂ ਅਜਾਇਬ ਸਿੰਘ ਮੁਖਮੈਲਪੁਰ ਨੂੰ ਵੀ ਨਾਮਜ਼ਦ ਕੀਤਾ ਹੈ।ਜਾਣਕਾਰੀ ਅਨੁਸਾਰ 29 ਜੁਲਾਈ ਨੂੰ ਦੁਪਹਿਰ ਕਰੀਬ ਇਕ ਵਜੇ ਸੈਕਟਰ-50/51/44/45 ਗਊਸ਼ਾਲਾ ਚੌਕ ਵਿਖੇ ਕਰੀਬ 2500 ਤੋਂ 3000 ਪ੍ਰਦਰਸ਼ਨਕਾਰੀ ਇਕੱਠੇ ਹੋਏ ਅਤੇ ਮੁੱਖ ਮਾਰਗ ’ਤੇ ਧਰਨਾ ਲਗਾ ਕੇ ਆਵਾਜਾਈ ਪ੍ਰਭਾਵਿਤ ਕਰ ਦਿੱਤੀ। ਪੁਲਿਸ ਮੁਤਾਬਕ ਮੌਕੇ ’ਤੇ ਤਾਇਨਾਤ ਸੀਨੀਅਰ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਧਾਰਾ 163 ਬੀ.ਐਨ.ਐਸ.ਐਸ. ਲਾਗੂ ਹੋਣ ਬਾਰੇ ਜਾਣੂ ਕਰਵਾਉਂਦਿਆਂ ਸੈਕਟਰ-25 ਦੀ ਰੈਲੀ ਗਰਾਊਂਡ ਤੱਕ ਹੀ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਕਥਿਤ ਤੌਰ ’ਤੇ ਬੈਰੀਕੇਡ ਤੋੜ ਕੇ ਅੱਗੇ ਵਧੇ। ਹਲਾਤ, ਬੇਕਾਬੂ ਹੁੰਦੇ ਦੇਖ ਪੁਲਿਸ ਨੇ ਪਹਿਲਾਂ ਚਿਤਾਵਨੀ ਦਿੱਤੀ ਅਤੇ ਬਾਅਦ ਵਿਚ ਹਲਕਾ ਬਲ ਵਰਤਣ ਦੇ ਨਾਲ-ਨਾਲ ਪਾਣੀ ਦੀਆਂ ਬੌਛਾਰਾਂ ਕਰਕੇ ਭੀੜ ਨੂੰ ਖਿੰਡਾਉਣ ਦਾ ਯਤਨ ਕੀਤਾ। ਪੁਲਿਸ ਵਲੋਂ ਦੋਸ਼ ਲਗਾਇਆ ਗਿਆ ਹੈ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ ਅਤੇ ਵਾਟਰ ਕੈਨਨ ਦੀ ਭੰਨ-ਤੋੜ ਕੀਤੀ। ਇਸ ਦੌਰਾਨ ਵਾਟਰ ਕੈਨਨ ਦੇ ਡਰਾਈਵਰ ਏ.ਐੱਸ.ਆਈ. ਗੁਰਜੀਤ ਸਿੰਘ ਦੇ ਹੱਥ ’ਤੇ ਗੰਭੀਰ ਸੱਟ ਲੱਗੀ, ਜਦਕਿ ਕੁਝ ਹੋਰ ਪੁਲਿਸ ਕਰਮਚਾਰੀਆਂ ਨੂੰ ਵੀ ਸੱਟਾਂ ਲੱਗੀਆਂ। ਪੁਲਿਸ ਨੇ ਇਸ ਮਾਮਲੇ ਵਿਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸਤਿੰਦਰਜੀਤ ਸਿੰਘ ਗਿੱਲ, ਕਾਬਲ ਸਿੰਘ ਭੁੱਲਰ, ਜਗਦੀਪ ਸਿੰਘ ਕੰਸਾਲਾ, ਇਕਬਾਲ ਸਿੰਘ ਸੰਧੂ, ਪਰਮਜੀਤ ਸਿੰਘ ਜੌਹਲ, ਅਜਾਇਬ ਸਿੰਘ ਮੁਖਮੈਲਪੁਰ (ਸਾਬਕਾ ਵਿਧਾਇਕ), ਚਮਕੌਰ ਸਿੰਘ ਧੁੰਨ, ਇਮਾਨ ਸਿੰਘ ਖਾਰਾ (ਐਡਵੋਕੇਟ), ਜਸਵਿੰਦਰ ਸਿੰਘ ਦੜੋਲੀ, ਇਕਬਾਲ ਸਿੰਘ ਝੂੰਦਾਂ, ਕਰਨੈਲ ਸਿੰਘ ਪੰਜੋਲੀ, ਲੱਖਾ ਸਿਧਾਣਾ, ਭਾਨਾ ਸਿੱਧੂ ਅਤੇ ਲਖਵੀਰ ਸਿੰਘ ਲੱਖਾ ਨੂੰ ਨਾਮਜ਼ਦ ਕੀਤਾ ਹੈ। ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਭੁਪਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਐੱਫ.ਆਈ.ਆਰ. ਵਿਚ ਨਾਮਜ਼ਦ 15 ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਾਮਿਲ ਅਣਪਛਾਤੇ ਪ੍ਰਦਰਸ਼ਨਕਾਰੀਆਂ ਨੂੰ ਵੀ ਪੁਲਿਸ ਨੇ ਰਡਾਰ ’ਤੇ ਰੱਖਿਆ ਹੈ। ਪੁਲਿਸ ਵਲੋਂ ਮੌਕੇ ਦੀ ਵੀਡੀਓਗ੍ਰਾਫੀ, ਫ਼ੋਟੋਗਰਾਫੀ ਅਤੇ ਹੋਰ ਡਿਜੀਟਲ ਸਬੂਤਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਮਰਹੂਮ ਅਜਾਇਬ ਸਿੰਘ ਮੁਖਮੈਲਪੁਰ ਨੂੰ ਵੀ ਕੀਤਾ ਨਾਮਜ਼ਦ
ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਝੂੰਦਾ ਨੇ ਸੰਪਰਕ ਕਰਨ ਤੇ ਅਦਾਰਾ ‘ਅਜੀਤ’ ਨਾਲ ਗੱਲਬਾਤ ਦੌਰਾਨ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤਾ ਗਿਆ ਪ੍ਰਦਰਸ਼ਨ ਸਿਰਫ਼ ਸੰਕੇਤਕ ਸੀ, ਜਿਸ ਵਿਚ ਪੁਲਿਸ ਵਲੋਂ ਐਫ਼.ਆਈ.ਆਰ ਦਰਜ ਕਰਨ ਦੀ ਕੋਈ ਲੋੜ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਹ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਸਮੁੱਚੀ ਲੀਡਰਸ਼ਿਪ ਤੋਂ ਇਜਾਜ਼ਤ ਲੈਅ ਕੇ ਅੰਬ ਸਾਹਿਬ ਤੋਂ ਕਰੀਬ 12:30 ਵਜੇ ਰਵਾਨਾ ਹੋਣ ਮਗਰੋਂ ਦੁਪਹਿਰ 3 ਵਜੇ ਅਮਰਗੜ੍ਹ ਨਗਰ ਕੌਂਸਲ ਦੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕਾਰਨ ਵਾਪਸ ਚਲੇ ਗਏ ਸਨ। ਝੂੰਦਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਖ਼ਿਲਾਫ਼ ਦਰਜ ਐਫ਼.ਆਈ.ਆਰ ਦਾ ਕੋਈ ਗਿਲਾ ਨਹੀਂ, ਪਰ ਚੰਡੀਗੜ੍ਹ ਪੁਲਿਸ ਨੇ ਬਿਨਾਂ ਤਫ਼ਤੀਸ਼ ਸਿਰਫ਼ ਲੀਡਰਸ਼ਿਪ ਦੀ ਸੂਚੀ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਹੈ, ਜਿਵੇਂ ਕਿ ਉਨ੍ਹਾਂ ਦੇ ਧਿਆਨ ਹੇਠ ਆਇਆ ਹੈ ਕਿ ਐਫ਼.ਆਈ.ਆਰ ਵਿਚ ਮਰਹੂਮ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਅਜਾਇਬ ਸਿੰਘ ਮੁਖਮੈਲਪੁਰ ਨੂੰ ਵੀ ਨਾਮਜ਼ਦ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰਿਕ ਢੰਗ ਨਾਲ ਆਪਣੀ ਹੱਕੀ ਮੰਗਾ ਲਈ ਰੋਸ ਪ੍ਰਦਰਸ਼ਨ ਕਰਨ ਤੇ ਇਸ ਤਰ੍ਹਾਂ ਪਰਚਾ ਦਰਜ ਕਰਨਾ ਲੋਕਤੰਤਰ ਲਈ ਸਹੀ ਨਹੀਂ ਹੈ।

Ad Position 22
No active advertisement
ਪਿਛਲੀ ਖ਼ਬਰ 17 ਫੁੱਟ ਲੰਮਾ ਪੰਜਾਬੀ ਪਰਾਂਦਾ ਤਿਆਰ ਕਰਕੇ ਬਣਾਇਆ ਵਿਸ਼ਵ ਰਿਕਾਰਡ 1100 ਰੀਲਾਂ ਨਾਲ ਤਿਆਰ ਕੀਤਾ ਵਿਸ਼ਾਲ ਪਰਾਂਦਾ ਅਗਲੀ ਖ਼ਬਰ ਸੱਕੀ ਨਾਲੇ ਦੀ ਸਫ਼ਾਈ ਲਈ ਭਾਰਤੀ ਫ਼ੌਜ ਤੋਂ ਮਿਲੀ ਐੱਨ.ਓ.ਸੀ., ਪਾਣੀ ਦੀ ਨਿਕਾਸੀ ਹੋਵੇਗੀ ਸੁਚਾਰੂ-ਕੁਲਦੀਪ ਸਿੰਘ ਧਾਲੀਵਾਲ
Ad Position 24
No active advertisement