ਬਾਲਿਆਂਵਾਲੀ, 30 ਜੁਲਾਈ (ਕੁਲਦੀਪ ਮਤਵਾਲਾ)-ਕਰਜ਼ੇ ਦੇ ਨਪੀੜੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਲਿਆਂਵਾਲੀ ਦੇ ਇਕ ਨੌਜਵਾਨ ਕਿਸਾਨ ਵਲੋਂ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਪੁਲਿਸ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਮਹਿੰਦਰ ਰਾਮ (45) ਪੁੱਤਰ ਰੂਪ ਚੰਦ ਪੰਡਿਤ ਵਾਸੀ ਬਾਲਿਆਂਵਾਲੀ ਦੀ ਪਤਨੀ ਛਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਰਾਹੀਂ ਦੱਸਿਆ ਕਿ ਮੇਰੇ ਪਤੀ ਮਹਿੰਦਰ ਰਾਮ ਨੇ ਜ਼ਮੀਨ ’ਤੇ ਕਰਜ਼ਾ ਲੈ ਕੇ ਇਕ ਟਰੈਕਟਰ ਲਿਆ ਸੀ ਅਤੇ ਇਕ ਹੋਰ ਬੈਂਕ ਤੋਂ ਵੀ ਕਰਜ਼ਾ ਲਿਆ ਹੋਇਆ ਸੀ। ਉਸ ਨੇ ਦੱਸਿਆ ਕਿ ਮੇਰਾ ਪਤੀ ਮਹਿੰਦਰ ਰਾਮ ਘਰੇਲੂ ਜ਼ਮੀਨ ਸਮੇਤ ਠੇਕੇ-ਹਿੱਸੇ ’ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਕੇ ਘਰ ਦਾ ਮੁਸ਼ਕਿਲ ਨਾਲ ਗੁਜ਼ਾਰਾ ਕਰਦਾ ਸੀ, ਪ੍ਰੰਤੂ ਐਤਕੀਂ ਗੜ੍ਹੇਮਾਰੀ ਕਾਰਨ ਕਣਕ ਦੀ ਸਾਰੀ ਫ਼ਸਲ ਬਰਬਾਦ ਹੋ ਗਈ, ਜਦਕਿ ਪਿਛਲੇ ਸਾਲ ਵੀ ਫ਼ਸਲਾਂ ਖ਼ਰਾਬ ਹੋਣ ਕਰਕੇ ਸਾਡੇ ਘਰ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਗਈ ਸੀ, ਜਿਸ ਕਰਕੇ ਟਰੈਕਟਰ ਦੀ ਕਿਸ਼ਤ ਤੇ ਹੋਰ ਬੈਂਕ ਦੇ ਰੁਪਏ ਨਹੀਂ ਭਰੇ ਜਾ ਰਹੇ ਸਨ, ਜਿਸ ਕਰਕੇ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ ਅਤੇ ਘਰ ਪਈ ਸਪਰੇਅ ਨਿਗਲ ਲਈ, ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ।