ਫ਼ਾਜ਼ਿਲਕਾ, 30 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਜੰਡਵਾਲਾ ਮੀਰਾ ਸਾਂਗਲਾ ਵਿਚ ਇਕ ਪਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਤੋਂ ਪਹਿਲਾਂ ਪਤੀ ਵਲੋਂ ਆਪਣੀ ਪਤਨੀ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਘੁਮਾਇਆ ਗਿਆ ਅਤੇ ਉਸ ਨੂੰ ਪਿੰਡ ਵਿਚ ਲੱਗਾ ਮੇਲਾ ਦਿਖਾਇਆ ਗਿਆ। ਉਪਰੰਤ ਖੇਤਾਂ ਵਿਚ ਲਿਜਾ ਕੇ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜੰਡਵਾਲਾ ਮੀਰਾ ਸਾਂਗਲਾ ਦਾ ਵਿਆਹ ਰਾਮਸਰਾ ਵਾਸੀ ਸਰੋਜ ਰਾਣੀ ਨਾਲ ਹੋਇਆ ਸੀ। ਇਨ੍ਹਾਂ ਦੀਆਂ ਦੋ ਧੀਆਂ ਅਤੇ ਇਕ ਬੇਟਾ ਸੀ। ਦੋ ਧੀਆਂ ਦਾ ਵਿਆਹ ਹੋ ਚੁੱਕਾ ਹੈ, ਜਦਕਿ ਲੜਕਾ ਕਵਾਰਾ ਹੈ। ਪਤੀ-ਪਤਨੀ ਵਿਚ ਘਰੇਲੂ ਝਗੜਾ ਸੀ, ਜਿਸ ਨੂੰ ਲੈ ਕੇ ਦੋਵਾਂ ਦਾ ਤਲਾਕ ਹੋ ਚੁੱਕਾ ਸੀ ਪਰ ਕੁਝ ਸਮਾਂ ਪਹਿਲਾਂ ਮੁੜ ਤੋਂ ਪਤੀ ਆਪਣਾ ਘਰ ਵਸਾਉਣ ਦੀ ਇੱਛਾ ਜ਼ਾਹਿਰ ਕਰਦਿਆਂ ਪਤਨੀ ਨੂੰ ਭਰੋਸੇ ਵਿਚ ਲੈ ਲਿਆ। ਬੀਤੇ ਦਿਨ ਗੁਰਮੀਤ ਸਿੰਘ ਵਲੋਂ ਫ਼ੋਨ ’ਤੇ ਆਪਣੀ ਪਤਨੀ ਸਰੋਜ ਨੂੰ ਰਾਜ਼ੀਨਾਮੇ ਦਾ ਕਹਿ ਕੇ ਆਪਣੇ ਕੋਲ ਪਿੰਡ ਜੰਡਵਾਲਾ ਮੀਰਾ ਸਾਗਲਾ ਬੁਲਾਇਆ ਗਿਆ। ਜਿਥੇ ਖੇਤਾਂ ਵਿਚ ਸੁੰਨੀ ਥਾਂ ’ਤੇ ਕਿੱਕਰਾਂ ਹੇਠ ਲਿਜਾ ਕੇ ਉਸ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਥਾਣਾ ਖੂਈ ਖੇੜਾ ਪੁਲਿਸ ਨੇ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਮ੍ਰਿਤਕ ਔਰਤ ਦੇ ਪਿਤਾ ਪਹਿਲਵਾਨ ਸਿੰਘ ਦੇ ਬਿਆਨਾਂ ’ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾ ਦੀ ਧੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕਤਲ ਤੋਂ ਪਹਿਲਾ ਉਸ ਦੀ ਮਾਂ ਨੂੰ ਉਸ ਦੇ ਪਿਤਾ ਨੇ ਮੋਟਰਸਾਈਕਲ ’ਤੇ ਘੁਮਾਇਆ ਅਤੇ ਉਸ ਨੂੰ ਮੇਲਾ ਦਿਖਾਇਆ, ਜਿਸ ਦੀ ਵੀਡੀਓ ਵੀ ਉਸ ਦੀ ਮਾਂ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ਪਾਈ ਸੀ। ਉਸ ਨੇ ਆਪਣੀ ਪਿਤਾ ਨੂੰ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਆਪਣੀ ਪਤਨੀ ਦੇ ਚਾਲ ਚੱਲਣ ’ਤੇ ਸ਼ੱਕ ਕਰਦਾ ਸੀ, ਜਿਸ ’ਤੇ ਉਸ ਨੇ ਆਪਣੀ ਪਤਨੀ ਨੂੰ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ।