ਬਮਿਆਲ (ਪਠਾਨਕੋਟ), 31 ਜੁਲਾਈ (ਰਕੇਸ਼ ਸ਼ਰਮਾ)-ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਪਾਕਿਸਤਾਨ ਸਰਹੱਦ ਨਾਲ ਲੱਗਦੇ ਬਮਿਆਲ ਨੇੜੇ ਵਗਦੇ ਉਝ ਦਰਿਆ ਵਿਚ ਅੱਜ ਕਰੀਬ 1 ਲੱਖ 10 ਹਜ਼ਾਰ ਕਿਊਸਿਕ ਪਾਣੀ ਪਹੁੰਚ ਗਿਆ। ਪਾਣੀ ਕਈ ਥਾਵਾਂ ‘ਤੇ ਕਿਨਾਰਿਆਂ ਤੋਂ ਬਾਹਰ ਨਿਕਲ ਕੇ ਖੇਤਾਂ ਵੱਲ ਫੈਲਦਾ ਦਿਖਾਈ ਦਿੱਤਾ, ਜਿਸ ਕਾਰਨ ਸਰਹੱਦੀ ਇਲਾਕੇ ਦੇ ਲੋਕਾਂ ਅਤੇ ਕਿਸਾਨਾਂ ਵਿਚ ਹੜ੍ਹ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਜਦੋਂ ਉਝ ਦਰਿਆ ਵਿਚ ਕਰੀਬ 1 ਲੱਖ 50 ਹਜ਼ਾਰ ਕਿਊਸਿਕ ਪਾਣੀ ਆਇਆ ਸੀ ਤਾਂ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ । ਉਨ੍ਹਾਂ ਅਨੁਸਾਰ ਜੇਕਰ ਦਰਿਆ ਵਿਚ ਪਾਣੀ ਦਾ ਪੱਧਰ 1 ਲੱਖ 80 ਹਜ਼ਾਰ ਕਿਊਸਿਕ ਦੇ ਨੇੜੇ ਪਹੁੰਚ ਜਾਂਦਾ ਹੈ ਤਾਂ ਪਾਣੀ ਦਾ ਰੁਖ ਬਮਿਆਲ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵੱਲ ਹੋ ਜਾਂਦਾ ਹੈ, ਜਿਸ ਨਾਲ ਹੜ੍ਹ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਪਾਣੀ ਦੇ ਵੱਧਦੇ ਪੱਧਰ ਨੂੰ ਦੇਖਦਿਆਂ ਪੰਜਾਬ ਪੁਲਿਸ ਵਲੋਂ ਉਝ ਦਰਿਆ ‘ਤੇ ਬਣੇ ਪੁਲ ‘ਤੇ ਨਾਕਾਬੰਦੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਬਿਨਾਂ ਲੋੜ ਦਰਿਆ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ। ਪ੍ਰਸ਼ਾਸਨ ਵਲੋਂ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।