ਗੁਰਦੇਵ ਸਿੰਘ ਬਰਾੜ ਦੇ ਵਿਛੋੜੇ ਨਾਲ ਸਿੱਖਿਆ ਜਗਤ ਨੂੰ ਵੱਡਾ ਘਾਟਾ-ਇੰਜ. ਐਸ.ਐਸ. ਵਿਰਦੀ
ਚੰਡੀਗੜ੍ਹ, 20 ਸਤੰਬਰ (ਪ੍ਰੋ. ਅਵਤਾਰ ਸਿੰਘ)-ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਸੇਵਾਮੁਕਤ ਆਈ.
ਚੰਡੀਗੜ੍ਹ, 20 ਸਤੰਬਰ (ਪ੍ਰੋ. ਅਵਤਾਰ ਸਿੰਘ)-ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਗੁਰਦੇਵ ਸਿੰਘ ਬਰਾੜ ਦੇ ਅਕਾਲ ਚਲਾਣੇ ’ਤੇ ‘ਅਜੀਤ ਪ੍ਰਕਾਸ਼ਨ’ ਸਮੂਹ ਦੇ ਟਰੱਸਟੀ ਇੰਜ਼. ਐਸ.ਐਸ. ਵਿਰਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਦੱਸਿਆ ਕਿ ਫ਼ਰੀਦਕੋਟ ਵਿਖੇ ਜਨਮੇ ਗੁਰਦੇਵ ਸਿੰਘ ਨੇ ਆਪਣੀ ਲੰਮੀ ਜਨਤਕ ਜ਼ਿੰਦਗੀ ਦੌਰਾਨ ਸਿੱਖਿਆ, ਖੇਡਾਂ, ਸਮਾਜ ਸੇਵਾ ਅਤੇ ਸੰਸਥਾ ਨਿਰਮਾਣ ਲਈ ਅਹਿਮ ਯੋਗਦਾਨ ਪਾਇਆ। ਭਾਰਤੀ ਪ੍ਰਸ਼ਾਸਨਿਕ ਸੇਵਾ ਵਿਚ ਲੰਮਾ ਸਮਾਂ ਸੇਵਾ ਨਿਭਾਈ ਤੇ 1984 ’ਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਜੋਂ ਵੀ ਸੇਵਾਵਾਂ ਨਿਭਾਈਆਂ। ਉਨ੍ਹਾਂ ਦੀ ਸ਼ਖ਼ਸੀਅਤ ਵਿਚ ਪ੍ਰਸ਼ਾਸਨਿਕ ਤਜ਼ਰਬੇ ਦੇ ਨਾਲ-ਨਾਲ ਵਿਦਵਤਾ, ਖੇਡਾਂ ਅਤੇ ਸਮਾਜ ਸੇਵਾ ਦਾ ਵਿਲੱਖਣ ਸੁਮੇਲ ਸੀ। ਕਾਲਜ ਦੇ ਹੋਣਹਾਰ ਵਿਦਿਆਰਥੀ, ਕਾਲਜ ਯੂਨੀਅਨ ਦੇ ਪ੍ਰਧਾਨ, ਸ਼ਾਨਦਾਰ ਐਨ.ਸੀ.ਸੀ. ਕੈਡਿਟ ਅਤੇ ਕੌਮਾਂਤਰੀ ਪੱਧਰ ਦੇ ਹਾਕੀ ਖਿਡਾਰੀ ਵੀ ਰਹੇ। ਉਨ੍ਹਾਂ ਨੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਹਾਕੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੰਸਥਾਵਾਂ ਵਿਚ ਵੀ ਅਹਿਮ ਅਹੁਦੇ ਸੰਭਾਲੇ । ਗੁਰਦੇਵ ਸਿੰਘ ਨੇ ਮੌਤ ਉਪਰੰਤ ਆਪਣੀ ਦੇਹ ਪੀ. ਜੀ. ਆਈ. ਐੱਮ. ਈ. ਆਰ., ਚੰਡੀਗੜ੍ਹ ਨੂੰ ਮੈਡੀਕਲ ਖੋਜ ਤੇ ਸਿੱਖਿਆ ਲਈ ਦਾਨ ਕਰਨ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਨੇ ਵੀ ਦਸੰਬਰ 2018 ’ਚ ਆਪਣੇ ਦਿਹਾਂਤ ਤੋਂ ਬਾਅਦ ਆਪਣੀ ਦੇਹ ਪੀ.ਜੀ.ਆਈ. ਨੂੰ ਦਾਨ ਕੀਤੀ ਸੀ। ਇੰਜ ਵਿਰਦੀ ਨੇ ਕਿਹਾ ਕਿ ਸ. ਬਰਾੜ ਦੇ ਵਿਛੋੜੇ ਨਾਲ ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇੰਜ. ਵਿਰਦੀ ਨੇ ਕਿਹਾ ਕਿ ਗੁਰਦੇਵ ਸਿੰਘ ਬਰਾੜ ਆਪਣੀ ਇਮਾਨਦਾਰੀ, ਸਪੱਸ਼ਟਵਾਦੀ ਸੁਭਾਅ ਅਤੇ ਸਾਫ਼-ਸੁਥਰੀ ਕਾਰਜਸ਼ੈਲੀ ਲਈ ਜਾਣੇ ਜਾਂਦੇ ਸਨ। ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦਾ ਯੋਗਦਾਨ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਫ਼ਰੀਦਕੋਟ ਵਿਖੇ ਕਈ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਅਤੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਸਿੱਖਿਆ ਦੇ ਪ੍ਰਸਾਰ ਲਈ ਨਿਰੰਤਰ ਯਤਨ ਕੀਤੇ। ਇੰਜ. ਵਿਰਦੀ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ। ਗੁਰਦੇਵ ਸਿੰਘ ਬਰਾੜ ਨਮਿੱਤ ਭੋਗ ਤੇ ਅੰਤਿਮ ਅਰਦਾਸ 23 ਸਤੰਬਰ ਨੂੰ ਗੁਰਦੁਆਰਾ ਸਾਹਿਬ, ਸੈਕਟਰ-38, ਚੰਡੀਗੜ੍ਹ ਵਿਖੇ ਦੁਪਹਿਰ 12:30 ਤੋਂ 1:30 ਵਜੇ ਤੱਕ ਹੋਵੇਗੀ।