ਦਵਾਈ ਲੈਣ ਆਈ ਬਜ਼ੁਰਗ ਮਹਿਲਾ ਰਾਤ ਭਰ ਆਮ ਆਦਮੀ ਕਲੀਨਿਕ ਦੇ ਬਾਥਰੂਮ ’ਚ ਰਹੀ ਬੰਦ
ਮਲੋਟ, 5 ਅਗਸਤ (ਪਾਟਿਲ)-ਮਲੋਟ ਦੇ ਸਰਕਾਰੀ ਹਸਪਤਾਲ ਨਾਲ ਸੰਬੰਧਿਤ ਆਮ ਆਦਮੀ ਕਲੀਨਿਕ ਵਿਚ ਇਕ ਬਜ਼ੁਰਗ ਮਹਿਲਾ ਦੇ ਕਰੀਬ 18 ਘੰਟੇ ਬਾਸ਼ਰੂਮ ਅੰਦਰ ਬੰਦ ਰਹਿਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮਹਿਲਾ ਦਵਾਈ ਲੈਣ ਲਈ ਕਲੀਨਿਕ ਵਿਚ ਆਈ ਸੀ, ਪਰ ਕਿਸੇ ਕਾਰਨ ਉਹ ਵਾਸ਼ਰੂਮ ਵਿਚ ਹੀ ਰਹਿ ਗਈ ਅਤੇ ਰਾਤ ਉੱਥੇ ਹੀ ਬੰਦ ਰਹੀ।
ਮਲੋਟ, 5 ਅਗਸਤ (ਪਾਟਿਲ)-ਮਲੋਟ ਦੇ ਸਰਕਾਰੀ ਹਸਪਤਾਲ ਨਾਲ ਸੰਬੰਧਿਤ ਆਮ ਆਦਮੀ ਕਲੀਨਿਕ ਵਿਚ ਇਕ ਬਜ਼ੁਰਗ ਮਹਿਲਾ ਦੇ ਕਰੀਬ 18 ਘੰਟੇ ਬਾਸ਼ਰੂਮ ਅੰਦਰ ਬੰਦ ਰਹਿਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮਹਿਲਾ ਦਵਾਈ ਲੈਣ ਲਈ ਕਲੀਨਿਕ ਵਿਚ ਆਈ ਸੀ, ਪਰ ਕਿਸੇ ਕਾਰਨ ਉਹ ਵਾਸ਼ਰੂਮ ਵਿਚ ਹੀ ਰਹਿ ਗਈ ਅਤੇ ਰਾਤ ਉੱਥੇ ਹੀ ਬੰਦ ਰਹੀ। ਰਾਤ ਭਰ ਪਰਿਵਾਰ ਵਾਲੇ ਮਹਿਲਾ ਨੂੰ ਲੱਭਦੇ ਰਹੇ। ਸਵੇਰੇ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ। ਘਟਨਾ ਸਾਹਮਣੇ ਆਉਣ ਤੋਂ ਬਾਅਦ ਐੱਸ.ਐੱਮ.ਓ. ਮਲੋਟ ਨੇ ਦੱਸਿਆ ਕਿ ਇਸ ਸੰਬੰਧੀ ਆਮ ਆਦਮੀ ਕਲੀਨਿਕ ਦੇ ਇੰਚਾਰਜ ਡਾਕਟਰ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਦੀ ਓ.ਪੀ.ਡੀ. ਵਿਚ ਐਂਟਰੀ ਨਹੀਂ ਮਿਲੀ ਹੈ, ਜਿਸ ਕਾਰਨ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਉਹ ਕਲੀਨਿਕ ਅੰਦਰ ਕਿਵੇਂ ਤੇ ਕਿਹੜੀਆਂ ਸਥਿਤੀਆਂ ਵਿਚ ਵਾਸ਼ਰੂਮ ’ਚ ਰਹਿ ਗਈ। ਐੱਸ.ਐੱਮ.ਓ. ਨੇ ਦੱਸਿਆ ਕਿ ਮਹਿਲਾ ਨੂੰ ਤੁਰੰਤ ਸਰਕਾਰੀ ਹਸਪਤਾਲ ਮਲੋਟ ਲਿਆਂਦਾ ਗਿਆ, ਜਿੱਥੇ ਉਸ ਦੇ ਸ਼ੂਗਰ ਸਮੇਤ ਹੋਰ ਲੋੜੀਂਦੇ ਮੈਡੀਕਲ ਟੈੱਸਟ ਕਰਵਾਏ ਜਾ ਰਹੇ ਹਨ। ਮਹਿਲਾ ਦਾ ਇਲਾਜ ਮੈਡੀਸਨ ਵਿਭਾਗ ਦੇ ਡਾਕਟਰਾਂ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ ਅਤੇ ਉਸ ਦੀ ਸਿਹਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਗੰਭੀਰ ਲਾਪ੍ਰਵਾਹੀ ਹੈ।