ਬਿਜਲੀ ਕਰਮਚਾਰੀਆਂ ਤੇ ਸਰਕਾਰ ਦਾ ਰੇੜਕਾ ਖ਼ਤਮ ਹੋਣ ਪਿੱਛੋਂ ਲੋਕਾਂ ਦੀ ਵਧੀ ਪ੍ਰੇਸ਼ਾਨੀ
ਚਾਰ ਮਹੀਨਿਆਂ ਬਾਅਦ ਹਜ਼ਾਰਾਂ ਰੁਪਏ ਦੇ ਇਕੱਠੇ ਆਏ ਬਿੱਲਾਂ ਨੇ ਲੋਕਾਂ ਦੇ ਉਡਾਏ ਹੋਸ਼
ਫ਼ਿਰੋਜ਼ਪੁਰ, 5 ਅਗਸਤ (ਕੁਲਬੀਰ ਸਿੰਘ ਸੋਢੀ)-ਸੂਬੇ ਵਿਚ ਬਿਜਲੀ ਕਰਮਚਾਰੀਆਂ ਅਤੇ ਸਰਕਾਰ ਵਿਚਾਲੇ ਚੱਲਦੇ ਤਣਾਅ ਦੇ ਖ਼ਾਤਮੇ ਪਿੱਛੋਂ ਸਭ ਤੋਂ ਵੱਡਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਕ ਪਾਸੇ ਲਗਾਤਾਰ ਲੱਗ ਰਹੇ ਲੰਬੇ ਬਿਜਲੀ ਕੱਟਾਂ ਕਾਰਨ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਵਪਾਰੀਆਂ ਦੇ ਕਾਰੋਬਾਰ ਠੱਪ ਹੋਣ ਦੀ ਕਗਾਰ ’ਤੇ ਪਹੁੰਚ ਗਏ ਹਨ, ਜਦਕਿ ਦੂਜੇ ਪਾਸੇ ਬਿਜਲੀ ਵਿਭਾਗ ਵਲੋਂ ਚਾਰ-ਚਾਰ ਮਹੀਨਿਆਂ ਦੇ ਇਕੱਠੇ ਭੇਜੇ ਗਏ ਹਜ਼ਾਰਾਂ ਰੁਪਏ ਦੇ ਬਿੱਲਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।
ਫ਼ਿਰੋਜ਼ਪੁਰ, 5 ਅਗਸਤ (ਕੁਲਬੀਰ ਸਿੰਘ ਸੋਢੀ)-ਸੂਬੇ ਵਿਚ ਬਿਜਲੀ ਕਰਮਚਾਰੀਆਂ ਅਤੇ ਸਰਕਾਰ ਵਿਚਾਲੇ ਚੱਲਦੇ ਤਣਾਅ ਦੇ ਖ਼ਾਤਮੇ ਪਿੱਛੋਂ ਸਭ ਤੋਂ ਵੱਡਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਕ ਪਾਸੇ ਲਗਾਤਾਰ ਲੱਗ ਰਹੇ ਲੰਬੇ ਬਿਜਲੀ ਕੱਟਾਂ ਕਾਰਨ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਵਪਾਰੀਆਂ ਦੇ ਕਾਰੋਬਾਰ ਠੱਪ ਹੋਣ ਦੀ ਕਗਾਰ ’ਤੇ ਪਹੁੰਚ ਗਏ ਹਨ, ਜਦਕਿ ਦੂਜੇ ਪਾਸੇ ਬਿਜਲੀ ਵਿਭਾਗ ਵਲੋਂ ਚਾਰ-ਚਾਰ ਮਹੀਨਿਆਂ ਦੇ ਇਕੱਠੇ ਭੇਜੇ ਗਏ ਹਜ਼ਾਰਾਂ ਰੁਪਏ ਦੇ ਬਿੱਲਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਸ਼ਹਿਰੀ ਪੇਂਡੂ ਖੇਤਰਾਂ ਦੇ ਵੱਡੀ ਗਿਣਤੀ ਖਪਤਕਾਰਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਨਿਯਮਤ ਬਿਜਲੀ ਬਿੱਲ ਨਹੀਂ ਮਿਲੇ ਅਤੇ ਹੁਣ ਅਚਾਨਕ ਵਿਭਾਗ ਵਲੋਂ ਚਾਰ ਮਹੀਨਿਆਂ ਦੀ ਖਪਤ ਦੇ ਇਕੱਠੇ ਬਿੱਲ ਭੇਜੇ ਗਏ ਹਨ, ਜਿਨ੍ਹਾਂ ਦੀ ਰਕਮ ਹਜ਼ਾਰਾਂ ਰੁਪਏ ਬਣਦੀ ਹੈ, ਜਿਸ ਨਾਲ ਆਮ ਅਤੇ ਮੱਧਵਰਗੀ ਪਰਿਵਾਰਾਂ ਲਈ ਇੰਨੀ ਵੱਡੀ ਰਕਮ ਇਕੋ ਵਾਰ ਅਦਾ ਕਰਨਾ ਮੁਸ਼ਕਲ ਹੋ ਗਿਆ ਹੈ। ਛੋਟੇ ਵਪਾਰੀਆਂ ਨੇ ਦੱਸਿਆ ਕਿ ਪਹਿਲਾਂ ਹੀ ਅਣ-ਐਲਾਨੇ ਅਤੇ ਲੰਬੇ ਬਿਜਲੀ ਕੱਟਾਂ ਕਾਰਨ ਦੁਕਾਨਾਂ, ਛੋਟੇ ਉਦਯੋਗਾਂ ਅਤੇ ਕਾਰੋਬਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ ਅਤੇ ਭਰ ਗਰਮੀ ਦੇ ਮੌਸਮ ਵਿਚ ਜਨਰੇਟਰ ਅਤੇ ਇਨਵਰਟਰਾਂ ਦਾ ਸਹਾਰਾ ਲੈਣ ਨਾਲ ਵਾਧੂ ਖਰਚਾ ਵੀ ਕਰਨਾ ਪਿਆ ਪਰ ਹੁਣ ਇਕੱਠੇ ਆਏ ਭਾਰੀ ਬਿੱਲਾਂ ਨੇ ਉਨ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ । ਖਪਤਕਾਰਾਂ ਦਾ ਇਹ ਵੀ ਦੋਸ਼ ਹੈ ਕਿ ਜਦੋਂ ਉਹ ਬਿਜਲੀ ਦਫ਼ਤਰਾਂ ਵਿਚ ਬਿੱਲਾਂ ਅਤੇ ਕੱਟਾਂ ਸੰਬੰਧੀ ਜਾਣਕਾਰੀ ਲੈਣ ਲਈ ਪਹੁੰਚਦੇ ਹਨ ਤਾਂ ਉਥੇ ਮੌਜ਼ੂਦ ਅਧਿਕਾਰੀ ਅਤੇ ਕਰਮਚਾਰੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਰਹੇ।ਲੋਕਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾ ਗ ਤੋਂ ਮੰਗ ਕੀਤੀ ਹੈ ਕਿ ਖਪਤਕਾਰਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਤੁਰੰਤ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਇਆ ਜਾਵੇ, ਨਿਯਮਤ ਤੌਰ ’ਤੇ ਬਿੱਲ ਜਾਰੀ ਕੀਤੇ ਜਾਣ ਅਤੇ ਚਾਰ ਮਹੀਨਿਆਂ ਦੇ ਇਕੱਠੇ ਭਾਰੀ ਬਿੱਲਾਂ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਕਿਸ਼ਤਾਂ ਵਿਚ ਭੁਗਤਾਨ ਜਾਂ ਹੋਰ ਉਚਿੱਤ ਪ੍ਰਬੰਧ ਕੀਤੇ ਜਾਣ ਨਹੀਂ ਤਾਂ ਲੋਕਾਂ ਦਾ ਰੋਸ ਹੋਰ ਵੱਧ ਸਕਦਾ ਹੈ। ਸਮਾਜਿਕ ਜਥੇਬੰਦੀਆਂ, ਦੁਕਾਨਦਾਰ ਐਸੋਸੀਏਸ਼ਨਾਂ ਅਤੇ ਪੈਨਸ਼ਨਰ ਯੂਨੀਅਨ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਮੰਗ ਕੀਤੀ ਹੈ ਕਿ ਸਰਕਾਰ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਵੇ ਅਤੇ ਚਾਰ ਮਹੀਨਿਆਂ ਦੇ ਇਕੱਠੇ ਭੇਜੇ ਗਏ ਬਿਜਲੀ ਬਿੱਲਾਂ ਦੀ ਅਦਾਇਗੀ ਲਈ ਕਿਸ਼ਤਾਂ ਦੀ ਸਹੂਲਤ ਜਾਂ ਹੋਰ ਵਿਸ਼ੇਸ਼ ਰਾਹਤ ਦਿੱਤੀ ਜਾਵੇ।