ਅੰਮ੍ਰਿਤਸਰ, 9 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਆਪਣੀ 14 ਅਗਸਤ ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ’ਚ ਰਿਲੀਜ਼ ਹੋ ਰਹੀ ਹਿੰਦੀ ਫਿਲਮ ‘ਬਟਵਾਰਾ 1947’ ਦੀ ਕਹਾਣੀ, ਨਿੱਜੀ ਜਜ਼ਬਾਤਾਂ ਅਤੇ ਸ਼ੂਟਿੰਗ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਹ ਸਿਰਫ ਇਕ ਫਿਲਮ ਹੀ ਨਹੀਂ ਹੈ, ਸਗੋਂ ਸਾਡੇ ਪੁਰਖਿਆਂ ਦੇ ਉਸ ਦਰਦ ਦੀ ਕਹਾਣੀ ਹੈ, ਜਿਹੜੀ ਉਨ੍ਹਾਂ ਨੇ 1947 ’ਚ ਭਾਰਤ-ਪਾਕਿ ਦੀ ਵੰਡ ਦੌਰਾਨ ਆਪਣੇ ਪਿੰਡੇ ’ਤੇ ਹੰਢਾਈ ਸੀ।ਅੰਮ੍ਰਿਤਸਰ ਫੇਰੀ ਦੌਰਾਨ ਸੰਨੀ ਦਿਓਲ ਨੇ ‘ਅਜੀਤ’ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਬਜ਼ੁਰਗਾਂ ਤੋਂ 1947 ਦੀ ਵੰਡ ਦੀਆਂ ਕਈ ਕਹਾਣੀਆਂ ਸੁਣੀਆਂ ਹਨ। ਉਸ ਸਮੇਂ ਕਈ ਪਰਿਵਾਰ ਬੁਰੀ ਤਰ੍ਹਾਂ ਟੁੱਟ ਗਏ ਅਤੇ ਉਨ੍ਹਾਂ ਨੂੰ ਦੁਬਾਰਾ ਖੜ੍ਹੇ ਹੋਣ ਲਈ ਬਹੁਤ ਲੰਮਾ ਸੰਘਰਸ਼ ਕਰਨਾ ਪਿਆ ਸੀ। ਅਸੀਂ ਇਸ ਫ਼ਿਲਮ ’ਚ ਉਹੀ ਸੰਘਰਸ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਜਾਂ ਡਰਾਮਾ ਫ਼ਿਲਮ ਨਹੀਂ ਹੈ, ਬਲਕਿ ਉਸ ਵੰਡ ਦੇ ਦੌਰ ’ਚੋਂ ਲੰਘੇ ਆਮ ਲੋਕਾਂ ਦੀ ਭਾਵਨਾਤਮਕ ਦਾਸਤਾਨ ਹੈ, ਇਸ ਬਟਵਾਰੇ ਦੀ ਪੀੜ ਦੇਸ਼ ਦੀ ਵੰਡ ਅਤੇ ਮਨੁੱਖੀ ਰਿਸ਼ਤਿਆਂ ਦੇ ਦਰਦ ਨੂੰ ਬਿਆਨ ਕਰਦੀ ਹੈ। ਸੰਨੀ ਨੇ ਕਿਹਾ ਕਿ ਸਾਡਾ ਪੰਜਾਬ ਇਸ ਵੰਡ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ, ਇਸ ਲਈ ਇਹ ਦਰਦ ਸਾਡੇ ਖ਼ੂਨ ’ਚ ਹੈ। ਸੰਨੀ ਦਿਓਲ ਨੇ ਸਪੱਸ਼ਟ ਕਰਦਿਆਂ ਕਿਹਾ ਕਿ ‘ਬਟਵਾਰਾ 1947’ ਬਿਲਕੁਲ ਵੱਖਰੀ ਫ਼ਿਲਮ ਹੈ। ‘ਗਦਰ’ ਮੂਲ ਰੂਪ ’ਚ ਇਕ ਪ੍ਰੇਮ ਕਹਾਣੀ ਸੀ, ਜੋ ਵੰਡ ਦੇ ਪਿਛੋਕੜ ’ਤੇ ਬਣੀ ਸੀ ਪਰ ਇਹ ਫ਼ਿਲਮ (ਬਟਵਾਰਾ 1947) ਉੱਜੜੇ ਹੋਏ ਪਰਿਵਾਰਾਂ ਦੀ ਮਨੁੱਖੀ ਤ੍ਰਾਸਦੀ ਅਤੇ ਉਨ੍ਹਾਂ ਦੇ ਦਿਲਾਂ ਦੇ ਦਰਦ ਨੂੰ ਬਿਆਨ ਕਰਦੀ ਹੈ, ਜਿਸ ’ਚ ਮੇਰਾ ਕਿਰਦਾਰ ਇਕ ਬਜ਼ੁਰਗ ਹਿੰਦੂ ਮਾਂ ਦੀ ਰੱਖਿਆ ਲਈ ਖੜ੍ਹਾ ਹੁੰਦਾ ਹੈ , ਜੋ ਕਿ ਇਕ ਬਹੁਤ ਹੀ ਭਾਵੁਕ ਪਹਿਲੂ ਹੈ। ਸੰਨੀ ਦਿਓਲ ਨੇ ਕਿਹਾ ਕਿ ਇਹ ਫ਼ਿਲਮ ਰਾਜਨੀਤੀ ਬਾਰੇ ਨਹੀਂ, ਬਲਕਿ ਇਨਸਾਨੀਅਤ ਅਤੇ ਰਿਸ਼ਤਿਆਂ ਬਾਰੇ ਹੈ। ਸਾਨੂੰ ਇਸ ਨੂੰ ਇਕ ਖੁੱਲ੍ਹੇ ਦਿਮਾਗ ਨਾਲ ਦੇਖਣਾ ਚਾਹੀਦਾ ਹੈ। ਸੰਨੀ ਦਿਓਲ ਨੇ ਦੱਸਿਆ ਕਿ ਪਹਿਲਾਂ ਇਸ ਫ਼ਿਲਮ ਦਾ ਨਾਂਅ ‘ਲਾਹੌਰ 1947’ ਰੱਖਿਆ ਗਿਆ ਸੀ ਪਰ ਫ਼ਿਲਮ ਪੂਰੀ ਹੋਣ ਤੋਂ ਬਾਅਦ ਜਦੋਂ ਸਾਰੀ ਟੀਮ ਅਤੇ ਨਿਰਮਾਤਾ ਆਮਿਰ ਖ਼ਾਨ ਨੇ ਇਸ ਨੂੰ ਇਕੱਠੇ ਦੇਖਿਆ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਸ ਕਹਾਣੀ ਦੇ ਮੁੱਖ ਜਜ਼ਬਾਤ ‘ਬਟਵਾਰੇ’ (ਵੰਡ) ਦੇ ਦੁਖਾਂਤ ਦੁਆਲੇ ਘੁੰਮਦੇ ਹਨ। ਇਸ ਲਈ ਫ਼ਿਲਮ ਦੀ ਰੂਹ ਅਤੇ ਭਾਵਨਾਵਾਂ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨ ਲਈ ਇਸ ਦਾ ਆਂਅ ਬਦਲ ਕੇ ‘ਬਟਵਾਰਾ 1947’ ਰੱਖਿਆ।ਸੰਨੀ ਦਿਓਲ ਨੇ ਇਹ ਫ਼ਿਲਮ ਆਪਣੀ ਮਾਂ (ਪ੍ਰਕਾਸ਼ ਕੌਰ) ਅਤੇ ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ਸਮਰਪਿਤ ਕੀਤੀ ਹੈ। ਇਸ ਫ਼ਿਲਮ ਵਿਚ ਸੰਨੀ ਦਿਓਲ ਦਾ ਕਿਰਦਾਰ (ਸਿਕੰਦਰ ਮਿਰਜ਼ਾ) ਪਾਕਿਸਤਾਨ ’ਚ ਰਹਿ ਗਈ ਇਕ ਬਜ਼ੁਰਗ ਹਿੰਦੂ ਮਾਂ ਦੀ ਰੱਖਿਆ ਲਈ ਲੜਦਾ ਹੈ। ਸੰਨੀ ਦਿਓਲ ਨੇ ਦੱਸਿਆ ਕਿ ਪ੍ਰਸਿੱਧ ਲੇਖਕ ਅਸਗਰ ਵਜਾਹਤ ਦੇ ਮਸ਼ਹੂਰ ਨਾਟਕ ‘ਜਿਸ ਲਾਹੌਰ ਨਈ ਵੇਖਿਆ, ਓ ਜੰਮਿਆ ਈ ਨਈ’ ‘ਤੇ ਅਧਾਰਿਤ ਇਸ ਫ਼ਿਲਮ ਦੀ ਉਕਤ ਕਹਾਣੀ ਉਨ੍ਹਾਂ ਲਗਭਗ 20 ਸਾਲ ਪਹਿਲਾਂ ਸੁਣੀ ਸੀ, ਜਿਸ ਤੋਂ ਉਹ ਬੇਹੱਦ ਪ੍ਰਭਾਵਿਤ ਸਨ ਅਤੇ ਇਸ ’ਤੇ ਫਿਲਮ ਬਣਾਉਣਾ ਚਾਹੁੰਦੇ ਸਨ ਪਰ ਇਸ ਲਈ ਸਹੀ ਟੀਮ ਦੀ ਭਾਲ ‘ਚ ਸਨ। ਸੰਨੀ ਦਿਓਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਇਹ ਕਹਾਣੀ ਸੁਣਾਈ ਤਾਂ ਆਮਿਰ ਖ਼ਾਨ ਨੇ ਤੁਰੰਤ ਕਿਹਾ ਕਿ ਇਸ ਫ਼ਿਲਮ ਨੂੰ ਉਹ ਪ੍ਰੋਡਿਊਸ ਕਰਨਗੇ। ਉਨ੍ਹਾਂ ਦੱਸਿਆ ਕਿ ਫਿਲਮ ਦੇ ਨਿਰਮਾਤਾ ਆਮਿਰ ਖ਼ਾਨ, ਸੰਗੀਤ ਏ. ਆਰ. ਰਹਿਮਾਨ ਅਤੇ ਗੀਤ ਜਾਵੇਦ ਅਖ਼ਤਰ ਵਲੋਂ ਲਿਖੇ ਗਏ ਹਨ, ਜਦਕਿ ਮੁੱਖ ਭੂਮਿਕਾ ‘ਚ ਉਨ੍ਹਾਂ ਤੋਂ ਇਲਾਵਾ ਪ੍ਰੀਤੀ ਜ਼ਿੰਟਾ, ਸ਼ਬਾਨਾ ਆਜ਼ਮੀ, ਅਲੀ ਫ਼ਜ਼ਲ ਅਤੇ ਉਨ੍ਹਾਂ ਦੇ ਬੇਟੇ ਕਰਨ ਦਿਓਲ (ਜੋ ਫ਼ਿਲਮ ’ਚ ਵੀ ਉਨ੍ਹਾਂ ਦੇ ਬੇਟੇ ਦਾ ਕਿਰਦਾਰ ਨਿਭਾਅ ਰਹੇ ਹਨ) ਨਜ਼ਰ ਆਉਣਗੇ। ਜਿਕਰਯੋਗ ਹੈ ਕਿ ਬਾਲੀਵੁੱਡ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਆਮਿਰ ਖ਼ਾਨ ਅਤੇ ਸੰਨੀ ਦਿਓਲ ਇਕ ਫ਼ਿਲਮ ਲਈ ਇਕੱਠੇ ਆਏ ਹਨ, ਜਿਸ ‘ਚ ਇਸ ਵਾਰ ਆਮਿਰ ਖ਼ਾਨ ਖ਼ੁਦ ਇਸ ਫ਼ਿਲਮ ਦੇ ਨਿਰਮਾਤਾ ਹਨ। ਸੰਨੀ ਦਿਓਲ ਨੇ ਭਾਵੁਕ ਹੁੰਦਿਆ ਕਿਹਾ ਕਿ ਉਨ੍ਹਾਂ ਦਾ ਅੱਜ ਵੀ ਆਪਣਾ ਘਰ ਪੰਜਾਬ ’ਚ ਹੈ, ਜਿਥੇ ਰਹਿਣ ਲਈ ਉਨ੍ਹਾਂ ਦਾ ਹਮੇਸ਼ਾ ਮਨ ਕਰਦਾ ਹੈ ਪਰ ਆਪਣੀ ਜਿੰਦਗੀ ਦੇ ਰੁਝੇਵਿਆਂ ਕਰਕੇ ਉਹ ਇਥੇ ਲੰਮਾ ਸਮਾਂ ਨਹੀਂ ਆ ਪਾਉਂਦੇ, ਜਦਕਿ ਉਨ੍ਹਾਂ ਦੀ ਰੂਹ ਪੰਜਾਬ ‘ਚ ਵੱਸਦੀ ਹੈ। ਉਨ੍ਹਾਂ ਕਿਹਾ ਕਿ ਕਰਨ ਦਿਓਲ ਅਦਾਕਾਰੀ ਦੇ ਖੇਤਰ ’ਚ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਬੜੀ ਸੰਜੀਦਗੀ ਨਾਲ ਕੰਮ ਕਰ ਰਿਹਾ ਹੈ, ਜਿਸ ਦੀ ਝਲਕ ਤੁਹਾਨੂੰ ਇਸ ਫਿਲਮ ’ਚ ਵੀ ਦੇਖਣ ਨੂੰ ਮਿਲੇਗੀ।
‘ ਬਟਵਾਰਾ 1947’ ਸਿਰਫ ਫ਼ਿਲਮ ਨਹੀਂ, ਸਾਡੇ ਪੁਰਖਿਆਂ ਦੇ ਦਰਦ ਦੀ ਕਹਾਣੀ ਹੈ-ਸੰਨੀ ਦਿਓਲ ਕਿਹਾ, ਦੇਸ਼ ਦੀ ਵੰਡ ’ਚ ਉੱਜੜੇ ਪਰਿਵਾਰਾਂ ਅਤੇ ਮਨੁੱਖੀ ਰਿਸ਼ਤਿਆਂ ਦੇ ਦਰਦ ਨੂੰ ਕਰੇਗੀ ਬਿਆਨ
ਅੰਮ੍ਰਿਤਸਰ, 9 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਆਪਣੀ 14 ਅਗਸਤ ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ’ਚ ਰਿਲੀਜ਼ ਹੋ ਰਹੀ ਹਿੰਦੀ ਫਿਲਮ ‘ਬਟਵਾਰਾ 1947’ ਦੀ ਕਹਾਣੀ, ਨਿੱਜੀ ਜਜ਼ਬਾਤਾਂ ਅਤੇ ਸ਼ੂਟਿੰਗ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਹ ਸਿਰਫ ਇਕ ਫਿਲਮ ਹੀ ਨਹੀਂ ਹੈ, ਸਗੋਂ ਸਾਡੇ ਪੁਰਖਿਆਂ ਦੇ ਉਸ ਦਰਦ ਦੀ ਕਹਾਣੀ ਹੈ, ਜਿਹੜੀ ਉਨ੍ਹਾਂ ਨੇ 1947 ’ਚ ਭਾਰਤ-ਪਾਕਿ ਦੀ ਵੰਡ ਦੌਰਾਨ ਆਪਣੇ ਪਿੰਡੇ ’ਤੇ ਹੰਢਾਈ ਸੀ। ਅੰਮ੍ਰਿਤਸਰ ਫੇਰੀ ਦੌਰਾਨ ਸੰਨੀ ਦਿਓਲ ਨੇ ‘ਅਜੀਤ’ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਬਜ਼ੁਰਗਾਂ ਤੋਂ 1947 ਦੀ ਵੰਡ ਦੀਆਂ ਕਈ ਕਹਾਣੀਆਂ ਸੁਣੀਆਂ ਹਨ।
‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਬਾਲੀਵੁੱਡ ਅਦਾਕਾਰ ਸੰਨੀ ਦਿਓਲ। ਤਸਵੀਰ : ਹਰਜੀਤ ਸਿੰਘ
10-08-2026