ਲੜਕੀ ਵਲੋਂ ਪੁਲਿਸ ਹਿਰਾਸਤ ’ਚ ਫ਼ਾਹਾ ਲਾ ਕੇ ਆਤਮ ਹੱਤਿਆ
ਬਜ਼ੁਰਗ ਦੀ ਹੱਤਿਆ ਦੇ ਮਾਮਲੇ ’ਚ ਮ੍ਰਿਤਕਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਦਰਜ ਕੀਤਾ ਗਿਆ ਸੀ ਕੇਸ
ਭਿੱਖੀਵਿੰਡ, 9 ਅਗਸਤ (ਸੁਰਜੀਤ ਕੁਮਾਰ ਬੌਬੀ)-ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਭਿੱਖੀਵਿੰਡ ਵਿਖੇ ਹੱਤਿਆ ਦੇ ਮਾਮਲੇ ਵਿਚ ਨਾਮਜ਼ਦ ਇਕ ਦਲਿਤ ਲੜਕੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੜਕੀ ਵਲੋਂ ਪੁਲਿਸ ਹਿਰਾਸਤ ਦੌਰਾਨ ਥਾਣੇ ਦੇ ਪਖਾਨੇ ਵਿਚ ਫ਼ਾਹਾ ਲਾ ਕੇ ਆਤਮ ਹੱਤਿਆ ਕਰ ਲਈ ਗਈ। ਪੁਲਿਸ ਹਿਰਾਸਤ ਦੌਰਾਨ ਹੋਈ ਲੜਕੀ ਦੀ ਮੌਤ ਦੇ ਸੰਬੰਧ ਵਿਚ ਕੌਮੀ ਮਨੁੱਖ ਅਧਿਕਾਰ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਸ਼ਨ ਜੱਜ ਤਰਨ ਤਾਰਨ ਵਲੋਂ ਇਸ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਦਿੰਦਿਆਂ ਇਕ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ।
ਰ
ਰਾਜਬੀਰ ਕੌਰ ਦੀ ਪੁਰਾਣੀ ਤਸਵੀਰ।
10-08-2026
ਭਿੱਖੀਵਿੰਡ, 9 ਅਗਸਤ (ਸੁਰਜੀਤ ਕੁਮਾਰ ਬੌਬੀ)-ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਭਿੱਖੀਵਿੰਡ ਵਿਖੇ ਹੱਤਿਆ ਦੇ ਮਾਮਲੇ ਵਿਚ ਨਾਮਜ਼ਦ ਇਕ ਦਲਿਤ ਲੜਕੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੜਕੀ ਵਲੋਂ ਪੁਲਿਸ ਹਿਰਾਸਤ ਦੌਰਾਨ ਥਾਣੇ ਦੇ ਪਖਾਨੇ ਵਿਚ ਫ਼ਾਹਾ ਲਾ ਕੇ ਆਤਮ ਹੱਤਿਆ ਕਰ ਲਈ ਗਈ। ਪੁਲਿਸ ਹਿਰਾਸਤ ਦੌਰਾਨ ਹੋਈ ਲੜਕੀ ਦੀ ਮੌਤ ਦੇ ਸੰਬੰਧ ਵਿਚ ਕੌਮੀ ਮਨੁੱਖ ਅਧਿਕਾਰ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਸ਼ਨ ਜੱਜ ਤਰਨ ਤਾਰਨ ਵਲੋਂ ਇਸ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਦਿੰਦਿਆਂ ਇਕ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ। ਦੂਜੇ ਪਾਸੇ, ਪਰਿਵਾਰਕ ਮੈਂਬਰਾਂ ਨੇ ਲੜਕੀ ਦੀ ਮੌਤ ’ਤੇ ਪੁਲਿਸ ਦੀ ਅਣਗਹਿਲੀ ਕਰਾਰ ਦਿੰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਲੜਕੀ ਦੀ ਲਾਸ਼ ਦਾ ਸੋਮਵਾਰ ਨੂੰ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਡਾਕਟਰਾਂ ਦੇ ਪੈਨਲ ਵਲੋਂ ਪੋਸਟਮਾਰਟਮ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਮਿਤੀ 7 ਅਗਸਤ ਨੂੰ ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕਲਸੀਆਂ ਕਲਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਰੂਪ ਸਿੰਘ ਪੁੱਤਰ ਫੌਜਾ ਸਿੰਘ ਵਲੋਂ ਉਸ ਦੇ ਭਰਾ ਗੁਰਜੀਤ ਸਿੰਘ ਉਪਰ ਐਲ.ਸੀ.ਡੀ. ਚੋਰੀ ਦਾ ਦੋਸ਼ ਲਗਾਇਆ ਸੀ। ਇਸ ਦੀ ਰੰਜਿਸ਼ ਤਹਿਤ 7 ਅਗਸਤ ਨੂੰ ਸ਼ਾਮੀਂ ਸਾਢੇ ਚਾਰ ਵਜੇ ਦੇ ਕਰੀਬ ਰੂਪ ਸਿੰਘ ਅਤੇ ਉਸ ਦੇ ਲੜਕਿਆਂ ਸਾਜਨ ਸਿੰਘ, ਰੇਸ਼ਮ ਸਿੰਘ, ਲਖਵਿੰਦਰ ਸਿੰਘ ਅਤੇ ਲੜਕੀ ਰਾਜਬੀਰ ਕੌਰ ਤੋਂ ਇਲਾਵਾ ਤਿੰਨ ਚਾਰ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ ਰੋੜੇ ਮਾਰਨੇ ਚਾਲੂ ਕਰ ਦਿੱਤੇ। ਇਸ ਘਟਨਾ ਦੌਰਾਨ ਉਸ ਦੇ ਪਿਤਾ ਬਲਵਿੰਦਰ ਸਿੰਘ ਦੇ ਸਿਰ ਵਿਚ ਰੋੜੇ ਵੱਜਣ ਨਾਲ ਉਸ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਸੰਬੰਧ ਵਿਚ ਰੂਪ ਸਿੰਘ ਅਤੇ ਉਸ ਦੇ ਲੜਕਿਆਂ ਸਾਜਨ ਸਿੰਘ, ਰੇਸ਼ਮ ਸਿੰਘ, ਲਖਵਿੰਦਰ ਸਿੰਘ ਅਤੇ ਲੜਕੀ ਰਾਜਬੀਰ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਅਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਰਾਜਬੀਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਨੇ ਥਾਣੇ ਦੇ ਪਖਾਨੇ ਵਿਚ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ। ਗੱਲਬਾਤ ਕਰਦਿਆਂ ਗੁਰਪ੍ਰੀਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਪਹੂਵਿੰਡ ਨੇ ਦੱਸਿਆ ਕਿ ਪੁਲਿਸ ਉਨ੍ਹਾਂ ਦੇ ਘਰੋਂ ਉਸ ਦੀ ਮਾਤਾ ਰਾਣੀ, ਭੈਣ ਰਾਜਬੀਰ ਕੌਰ ਅਤੇ ਉਸ ਦੀ ਡੇਢ ਸਾਲ ਦੀ ਬੱਚੀ ਸਮੇਤ ਭਰਾ ਸਾਜਨ ਸਿੰਘ, ਲਖਵਿੰਦਰ ਸਿੰਘ ਅਤੇ ਰੇਸ਼ਮ ਸਿੰਘ ਨੂੰ ਥਾਣੇ ਵਿਚ ਚੁੱਕ ਲਿਆਈ। ਉਨ੍ਹਾਂ ਨੂੰ ਦੁਪਹਿਰ ਸਮੇਂ ਪਤਾ ਲੱਗਾ ਕਿ ਉਸ ਦੀ ਭੈਣ ਰਾਜਬੀਰ ਕੌਰ ਦੀ ਪੁਲਿਸ ਹਿਰਾਸਤ ਵਿਚ ਥਾਣਾ ਭਿੱਖੀ ਵਿੰਡ ਦੀ ਹਦੂਦ ਅੰਦਰ ਮੌਤ ਹੋ ਗਈ, ਜਿਸ ’ਤੇ ਉਹ ਥਾਣਾ ਭਿੱਖੀਵਿੰਡ ਵਿਖੇ ਆਏ ਪਰ ਉਨ੍ਹਾਂ ਨੂੰ ਪੁਲਿਸ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਮੌਕੇ ਕਿਸਾਨ ਆਗੂ ਕਾਮਰੇਡ ਜਸਵੰਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਉਕਤ ਪਰਿਵਾਰ ਦੇ ਘਰੋਂ ਚੁੱਕੇ ਹੋਏ ਮੈਂਬਰਾਂ ਅਤੇ ਔਰਤਾਂ ਸੰਬੰਧੀ ਕੋਈ ਜਾਣਕਾਰੀ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਪੁਲਿਸ ਹਿਰਾਸਤ ਵਿਚ ਲੜਕੀ ਦੀ ਮੌਤ ਪੁਲਿਸ ਦੀ ਅਣਗਹਿਲੀ ਕਾਰਨ ਹੋਈ ਹੈ। ਇਸ ਸੰਬੰਧ ਵਿਚ ਤਰਨ ਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਪਿੰਡ ਕਲਸੀਆਂ ਕਲਾਂ ਦੇ ਬਲਵਿੰਦਰ ਸਿੰਘ ਨਾਮਕ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਇਸ ਕੇਸ ਵਿਚ ਨਾਮਜ਼ਦ ਰਾਜਬੀਰ ਕੌਰ ਪੁੱਤਰੀ ਰੂਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਦੀ ਸਵੇਰੇ ਪਖਾਨੇ ਵਿਚ ਲਟਕਦੀ ਲਾਸ਼ ਮਿਲੀ ਹੈ। ਲੜਕੀ ਨੂੰ ਪੁਲਿਸ ਵਲੋਂ ਡਾਕਟਰਾਂ ਕੋਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਲੜਕੀ ਨੂੰ ਮ੍ਰਿਤਕ ਐਨਾਨ ਦਿੱਤਾ। ਉਨ੍ਹਾਂ ਕਿਹਾ ਕਿ ਜਾਂਚ ਵਿਚ ਇਸ ਮਾਮਲੇ ਵਿਚ ਕਿਸੇ ਵੀ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਦੀ ਲਾਪ੍ਰਵਾਹੀ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।