ਮੰਡੀ ਗੋਬਿੰਦਗੜ੍ਹ, 18 ਅਗਸਤ (ਮੋਹਿਤ ਸਿੰਗਲਾ)-ਐਲ.ਪੀ.ਜੀ. ਖਪਤਕਾਰਾਂ ਲਈ ਰਾਹਤ ਦੀ ਖ਼ਬਰ ਹੈ। ਆਧਾਰ ਆਧਾਰਿਤ ਈ-ਕੇ.ਵਾਈ.ਸੀ. ਕਰਵਾਉਣ ਦੀ ਆਖਰੀ ਮਿਤੀ ਹੁਣ 23 ਅਗਸਤ ਤੱਕ ਵਧਾ ਦਿੱਤੀ ਗਈ ਹੈ। ਪਹਿਲਾਂ ਖਪਤਕਾਰਾਂ ਨੂੰ ਇਹ ਪ੍ਰਕਿਰਿਆ 16 ਅਗਸਤ ਤੱਕ ਪੂਰੀ ਕਰਨੀ ਸੀ। ਆਖਰੀ ਦਿਨਾਂ ਦੌਰਾਨ ਵੱਡੀ ਗਿਣਤੀ ਵਿਚ ਖਪਤਕਾਰਾਂ ਵਲੋਂ ਈ-ਕੇ.ਵਾਈ.ਸੀ. ਕਰਵਾਉਣ ਕਾਰਨ ਗੈਸ ਏਜੰਸੀਆਂ ’ਤੇ ਵਧ ਰਹੀ ਭੀੜ ਅਤੇ ਤਕਨੀਕੀ ਸਮੱਸਿਆਵਾਂ ਨੂੰ ਦੇਖਦਿਆਂ ਸਮਾਂ-ਹੱਦ ਵਿਚ ਵਾਧਾ ਕੀਤਾ ਗਿਆ ਹੈ।ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਗੈਸ ਏਜੰਸੀਆਂ ਦੇ ਬਾਹਰ ਖਪਤਕਾਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਕਈ ਥਾਵਾਂ ’ਤੇ ਮੋਬਾਈਲ ਐਪ ਦੇ ਕੰਮ ਨਾ ਕਰਨ, ਸਰਵਰ ਡਾਊਨ ਹੋਣ ਜਾਂ ਪ੍ਰਕਿਰਿਆ ਵਿਚਕਾਰ ਰੁਕ ਜਾਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ। ਇਸ ਕਾਰਨ ਕਈ ਖਪਤਕਾਰ ਨਿਰਧਾਰਤ ਸਮੇਂ ਅੰਦਰ ਆਪਣੀ ਈ-ਕੇ.ਵਾਈ.ਸੀ. ਪੂਰੀ ਨਹੀਂ ਕਰਵਾ ਸਕੇ। ਖਪਤਕਾਰ ਆਪਣੀ ਸੰਬੰਧਿਤ ਗੈਸ ਕੰਪਨੀ ਦੀ ਅਧਿਕਾਰਤ ਮੋਬਾਈਲ ਐਪ ਰਾਹੀਂ ਘਰ ਬੈਠੇ ਵੀ ਈ-ਕੇ.ਵਾਈ.ਸੀ. ਪੂਰੀ ਕਰ ਸਕਦੇ ਹਨ। ਇਸ ਲਈ ਆਧਾਰ ਆਧਾਰਿਤ ਫੇਸ ਆਥੈਂਟੀਕੇਸ਼ਨ ਦੀ ਸਹੂਲਤ ਉਪਲਬਧ ਹੈ। ਖਪਤਕਾਰ ਚਾਹੁਣ ਤਾਂ ਆਪਣੀ ਗੈਸ ਏਜੰਸੀ ’ਤੇ ਜਾ ਕੇ ਬਾਇਓਮੈਟ੍ਰਿਕ ਤਸਦੀਕ ਵੀ ਕਰਵਾ ਸਕਦੇ ਹਨ। ਗੈਸ ਸਿਲੰਡਰ ਦੀ ਡਿਲੀਵਰੀ ਸਮੇਂ ਅਧਿਕਾਰਤ ਕਰਮਚਾਰੀ ਦੀ ਮਦਦ ਨਾਲ ਵੀ ਈ-ਕੇ.ਵਾਈ.ਸੀ. ਪੂਰੀ ਕੀਤੀ ਜਾ ਸਕਦੀ ਹੈ।ਈ-ਕੇ.ਵਾਈ.ਸੀ. ਦੌਰਾਨ ਖਪਤਕਾਰ ਦੇ ਆਧਾਰ ਵੇਰਵਿਆਂ ਦੀ ਤਸਦੀਕ ਕੀਤੀ ਜਾਂਦੀ ਹੈ। ਸਫਲ ਤਸਦੀਕ ਤੋਂ ਬਾਅਦ ਮੋਬਾਈਲ ’ਤੇ ਪੁਸ਼ਟੀ ਸੰਬੰਧੀ ਸੁਨੇਹਾ ਪ੍ਰਾਪਤ ਹੋ ਸਕਦਾ ਹੈ, ਜਿਨ੍ਹਾਂ ਖਪਤਕਾਰਾਂ ਦੀ ਈ-ਕੇ.ਵਾਈ.ਸੀ. ਪਹਿਲਾਂ ਹੀ ਪੂਰੀ ਹੋ ਚੁੱਕੀ ਹੈ, ਉਨ੍ਹਾਂ ਨੂੰ ਇਹ ਪ੍ਰਕਿਰਿਆ ਦੁਬਾਰਾ ਕਰਵਾਉਣ ਦੀ ਲੋੜ ਨਹੀਂ ਹੈ।
ਐਲ.ਪੀ.ਜੀ. ਖਪਤਕਾਰਾਂ ਨੂੰ ਰਾਹਤ-ਈ-ਕੇ.ਵਾਈ.ਸੀ. ਦੀ ਸਮਾਂ ਹੱਦ 23 ਅਗਸਤ ਤੱਕ ਵਧੀ
ਐਲ.ਪੀ.ਜੀ. ਖਪਤਕਾਰਾਂ ਨੂੰ ਰਾਹਤ-ਈ-ਕੇ.ਵਾਈ.ਸੀ. ਦੀ ਸਮਾਂ ਹੱਦ 23 ਅਗਸਤ ਤੱਕ ਵਧੀ
ਅਜੀਤ ਡੈਸਕ
19-08-2026