ਪੇਸ਼ੀ ਲਈ ਹਿਸਾਰ ਅਦਾਲਤ ’ਚ ਆਏ ਗੈਂਗਸਟਰ ਵਿਨੋਦ ਪਾਨੂ ਦੀ ਹੱਤਿਆ
ਟੋਹਾਣਾ, 20 ਅਗਸਤ (ਮਨਜੀਤ ਸਿੰਘ)-ਹਿਸਾਰ ਦੀ ਅਦਾਲਤ ’ਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੇਸ਼ੀ ਲਈ ਆਏ ਗੈਂਗਸਟਰ ਵਿਨੋਦ ਪਾਨੂ ਉਰਫ਼ ਕਾਨਾ ’ਤੇ ਅਦਾਲਤ ਦੇ ਮੁੱਖ ਗੇਟ ਨੇੜੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਮੁੱਢਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਕਰੀਬ 1 4 ਗੋਲੀਆਂ ਚਲਾਈਆਂ।
ਟੋਹਾਣਾ, 20 ਅਗਸਤ (ਮਨਜੀਤ ਸਿੰਘ)-ਹਿਸਾਰ ਦੀ ਅਦਾਲਤ ’ਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੇਸ਼ੀ ਲਈ ਆਏ ਗੈਂਗਸਟਰ ਵਿਨੋਦ ਪਾਨੂ ਉਰਫ਼ ਕਾਨਾ ’ਤੇ ਅਦਾਲਤ ਦੇ ਮੁੱਖ ਗੇਟ ਨੇੜੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਮੁੱਢਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਕਰੀਬ 1 4 ਗੋਲੀਆਂ ਚਲਾਈਆਂ। ਗੰਭੀਰ ਜ਼ਖ਼ਮੀ ਹੋਏ ਵਿਨੋਦ ਪਾਨੂ ਦੀ ਮੌਤ ਹੋ ਗਈ। ਗੋਲੀਬਾਰੀ ਦੌਰਾਨ ਇਕ ਹੋਰ ਵਿਅਕਤੀ ਦੇ ਵੀ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਘਟਨਾ ਦੁਪਹਿਰ ਕਰੀਬ 2 ਵਜੇ ਵਾਪਰੀ। ਘਟਨਾ ਦੌਰਾਨ ਅਦਾਲਤ ਕੰਪਲੈਕਸ ਅਤੇ ਆਸ-ਪਾਸ ਦੇ ਇਲਾਕੇ ਵਿਚ ਭੱਜ-ਦੌੜ ਮਚ ਗਈ।ਹਿਸਾਰ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਵਾਰਦਾਤ ਵਿਚ ਸ਼ਾਮਿਲ ਦੱਸੇ ਜਾ ਰਹੇ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲਿਸ ਅਨੁਸਾਰ ਉਸ ਕੋਲੋਂ ਵਾਰਦਾਤ ਵਿਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ। ਦੂਜੇ ਹਮਲਾਵਰ ਦੀ ਭਾਲ ਲਈ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।ਪੁਲਿਸ ਰਿਕਾਰਡ ਮੁਤਾਬਕ ਵਿਨੋਦ ਪਾਨੂ ਉਰਫ਼ ਕਾਨਾ ਹਿਸਾਰ ਦਾ ਚਰਚਿਤ ਗੈਂਗਸਟਰ ਸੀ। ਉਸ ਵਿਰੁੱਧ ਕਤਲ ਸਮੇਤ ਕਰੀਬ 31 ਅਪਰਾਧਿਕ ਮਾਮਲੇ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਵਿਚ ਵਿਧਾਇਕ ਸਾਵਿਤਰੀ ਜਿੰਦਲ ਦੇ ਪੀ.ਏ. ਲਲਿਤ ਸ਼ਰਮਾ ਦੇ ਭਤੀਜੇ ਸੰਜੇ ਉਰਫ਼ ਬਿੱਟੂ ਦੇ ਕਤਲ ਨਾਲ ਸੰਬੰਧਿਤ ਮਾਮਲਾ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ।ਪੁਲਿਸ ਰਿਕਾਰਡ ਅਨੁਸਾਰ ਵਿਨੋਦ ਪਾਨੂ ਨੂੰ ਸਾਲ 2017 ’ਚ ਸੀ.ਆਈ.ਏ. ਦੀ ਟੀਮ ਨੇ ਝੱਜਰ ਦੇ ਭੜਾਵਾਸ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਉਸ ’ਤੇ ਸੱਤ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਪੁਲਿਸ ਨੇ ਉਸ ਦੇ ਨਾਲ ਸੱਤ ਹੋਰ ਸਾਥੀਆਂ ਨੂੰ ਵੀ ਕਾਬੂ ਕਰਨ ਦਾ ਦਾਅਵਾ ਕੀਤਾ ਸੀ। ਉਸ ਸਮੇਂ ਮੁਲਜ਼ਮਾਂ ਕੋਲੋਂ ਰਿਵਾਲਵਰ, ਕਾਰਬਾਈਨ, 12 ਬੋਰ ਦੀਆਂ ਬੰਦੂਕਾਂ, ਪਿਸਤੌਲ ਅਤੇ ਵੱਡੀ ਗਿਣਤੀ ’ਚ ਕਾਰਤੂਸ ਬਰਾਮਦ ਹੋਣ ਦੀ ਗੱਲ ਪੁਲਿਸ ਵਲੋਂ ਕਹੀ ਗਈ ਸੀ।