ਸਤਲੁਜ ਦਰਿਆ ’ਚ ਹੈੱਡ ਵਰਕਸ ਰੂਪਨਗਰ ਵਿਖੇ ਵੱਡੀ ਮਾਤਰਾ ’ਚ ਜਮ੍ਹਾ ਹੋਇਆ ਫ਼ੈਕਟਰੀਆਂ ਦਾ ਗੰਧਲਾ ਕਚਰਾ
ਰੂਪਨਗਰ, 23 ਅਗਸਤ (ਸਤਨਾਮ ਸਿੰਘ ਸੱਤੀ)-ਰੂਪਨਗਰ ਹੈੱਡ ਵਰਕਸ ਨੇੜੇ ਸਤਲੁਜ ਦਰਿਆ ਵਿਚ ਵੱਡੀ ਮਾਤਰਾ ਵਿਚ ਉਦਯੋਗਿਕ ਕੂੜਾ-ਕਰਕਟ, ਪਲਾਸਟਿਕ ਅਤੇ ਹੋਰ ਰਹਿੰਦ-ਖੂੰਹਦ ਮਿਲਣ ਦੇ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਦੀਆਂ ਉਦਯੋਗਿਕ ਇਕਾਈਆਂ ਵਿਰੁੱਧ ਪਹਿਲੀ ਵਾਰ ਅਪਰਾਧਿਕ ਕਾਰਵਾਈ ਸ਼ੁਰੂ ਹੋਈ ਹੈ। ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਸ਼ਿਕਾਇਤ ’ਤੇ ਰੋਪੜ ਸਿਟੀ ਥਾਣੇ ਵਿਚ ਐਫ.
ਰੂਪਨਗਰ, 23 ਅਗਸਤ (ਸਤਨਾਮ ਸਿੰਘ ਸੱਤੀ)-ਰੂਪਨਗਰ ਹੈੱਡ ਵਰਕਸ ਨੇੜੇ ਸਤਲੁਜ ਦਰਿਆ ਵਿਚ ਵੱਡੀ ਮਾਤਰਾ ਵਿਚ ਉਦਯੋਗਿਕ ਕੂੜਾ-ਕਰਕਟ, ਪਲਾਸਟਿਕ ਅਤੇ ਹੋਰ ਰਹਿੰਦ-ਖੂੰਹਦ ਮਿਲਣ ਦੇ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਦੀਆਂ ਉਦਯੋਗਿਕ ਇਕਾਈਆਂ ਵਿਰੁੱਧ ਪਹਿਲੀ ਵਾਰ ਅਪਰਾਧਿਕ ਕਾਰਵਾਈ ਸ਼ੁਰੂ ਹੋਈ ਹੈ। ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਸ਼ਿਕਾਇਤ ’ਤੇ ਰੋਪੜ ਸਿਟੀ ਥਾਣੇ ਵਿਚ ਐਫ.ਆਈ.ਆਰ. ਨੰਬਰ 199 ਦਰਜ ਕਰਕੇ ਬੱਦੀ-ਨਾਲਾਗੜ੍ਹ ਖੇਤਰ ਨਾਲ ਸੰਬੰਧਿਤ ਅਣਪਛਾਤੇ ਫ਼ੈਕਟਰੀ ਮਾਲਕਾਂ ਵਿਰੁੱਧ ਜਾਂਚ ਸ਼ੁਰੂ ਕੀਤੀ ਗਈ ਹੈ। ਵਿਧਾਇਕ ਦਿਨੇਸ਼ ਚੱਢਾ ਨੇ ਐਤਵਾਰ ਨੂੰ ਰੋਪੜ ਹੈੱਡ ਵਰਕਸ ਦਾ ਦੌਰਾ ਕਰਕੇ ਮੌਕੇ ‘ਤੇ ਪ੍ਰਸ਼ਾਸਨ, ਪੁਲਿਸ, ਨਗਰ ਕੌਂਸਲ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਬੁਲਾਇਆ। ਇਸ ਦੌਰਾਨ ਪੁਲਿਸ ਵਲੋਂ ਮੌਕੇ ਦੀ ਵੀਡੀਓਗ੍ਰਾਫੀ ਕਰਨ ਦੇ ਨਾਲ ਕੂੜੇ ਅਤੇ ਉਦਯੋਗਿਕ ਰਹਿੰਦ-ਖੂੰਹਦ ਵਿਚੋਂ ਸਬੂਤ ਇਕੱਠੇ ਕੀਤੇ ਗਏ। ਵਿਧਾਇਕ ਨੇ ਦੱਸਿਆ ਕਿ ਰੂਪਨਗਰ ਤੋਂ ਉੱਪਰਲੇ ਪਾਸੇ ਪੰਜਾਬ ਵਿਚ ਕੋਈ ਵੱਡਾ ਉਦਯੋਗਿਕ ਕੇਂਦਰ ਨਹੀਂ ਹੈ, ਜਦਕਿ ਹਿਮਾਚਲ ਪ੍ਰਦੇਸ਼ ਦੇ ਬੱਦੀ, ਨਾਲਾਗੜ੍ਹ ਅਤੇ ਆਸ-ਪਾਸ ਦੇ ਖੇਤਰਾਂ ਵਿਚ ਵੱਡੀ ਗਿਣਤੀ ਵਿਚ ਉਦਯੋਗ ਸਥਾਪਤ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਾਨਸੂਨ ਦੌਰਾਨ ਕੁਝ ਉਦਯੋਗਿਕ ਇਕਾਈਆਂ ਵਲੋਂ ਬਰਸਾਤੀ ਪਾਣੀ ਦੀ ਆੜ ਵਿਚ ਉਦਯੋਗਿਕ ਰਹਿੰਦ-ਖੂੰਹਦ, ਕੂੜਾ, ਪਲਾਸਟਿਕ ਅਤੇ ਕਥਿਤ ਰਸਾਇਣਿਕ ਪਦਾਰਥ ਨਦੀਆਂ-ਨਾਲਿਆਂ ਵਿਚ ਛੱਡਿਆ ਜਾਂਦਾ ਹੈ, ਜੋ ਸਰਸਾ ਅਤੇ ਹੋਰ ਬਰਸਾਤੀ ਨਾਲਿਆਂ ਰਾਹੀਂ ਸਤਲੁਜ ਦਰਿਆ ਵਿਚ ਪਹੁੰਚਦਾ ਹੈ। ਮੌਕੇ ਤੋਂ ਮਿਲੇ ਇਕ ਥਰਮੋਕੋਲ ਬੋਰਡ ’ਤੇ ‘ਐਸ.ਐਸ.ਐਫ.’ ਦੇ ਅੱਖਰ ਦਰਜ ਸਨ। ਵਿਧਾਇਕ ਅਨੁਸਾਰ ਮੁੱਢਲੀ ਜਾਂਚ ਵਿਚ ਇਸ ਨੂੰ ਬੱਦੀ ਸਥਿਤ ਇਕ ਫ਼ਰਮ ਨਾਲ ਜੋੜਿਆ ਗਿਆ ਹੈ। ਹਾਲਾਂਕਿ, ਪੁਲਿਸ ਵਲੋਂ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਉਦਯੋਗਿਕ ਵੈਸਟ ਦਰਿਆ ਵਿਚ ਕਿਸ ਵਲੋਂ ਸੁੱਟਿਆ ਗਿਆ। ਇਸ ਮਾਮਲੇ ਵਿਚ ਬੀ.ਐਨ.ਐਸ. ਦੀਆਂ ਧਾਰਾਵਾਂ 270, 271, 279 ਅਤੇ 280 ਤੋਂ ਇਲਾਵਾ ਵਾਟਰ ਐਕਟ ਦੀਆਂ ਧਾਰਾਵਾਂ 24 ਅਤੇ 43 ਅਤੇ ਐਨਵਾਇਰਨਮੈਂਟ (ਪ੍ਰੋਟੈਕਸ਼ਨ) ਐਕਟ ਦੀ ਧਾਰਾ 7 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਜਾਂਚ ਕਰਦਿਆਂ ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਵਾਰ ਉਦਯੋਗਿਕ ਇਕਾਈਆਂ ਦੀ ਪਛਾਣ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਵਿਧਾਇਕ ਚੱਢਾ ਨੇ ਕਿਹਾ ਕਿ ਸਤਲੁਜ ਦਰਿਆ ਨੂੰ ਕੂੜੇ ਅਤੇ ਰਸਾਇਣਿਕ ਪਦਾਰਥਾਂ ਦਾ ਡੰਪਿੰਗ ਗਰਾਊਂਡ ਬਣਨ ਤੋਂ ਰੋਕਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਨਹਿਰਾਂ ਰਾਹੀਂ ਲੋਕਾਂ ਤੱਕ ਪਹੁੰਚਦਾ ਹੈ ਅਤੇ ਰੂਪਨਗਰ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਵਿਚ ਵੀ ਵਰਤਿਆ ਜਾਂਦਾ ਹੈ। ਉਨ੍ਹਾਂ ਹਿਮਾਚਲ ਸਰਕਾਰ ਤੋਂ ਆਪਣੀਆਂ ਉਦਯੋਗਿਕ ਇਕਾਈਆਂ ਵਲੋਂ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ਤੋਂ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਨਵੀਂ ਨਹੀਂ ਹੈ ਅਤੇ ਕਥਿਤ ਤੌਰ ‘ਤੇ ਲੰਬੇ ਸਮੇਂ ਤੋਂ ਸਤਲੁਜ ਦੇ ਪਾਣੀ ਨੂੰ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਨੋਟਿਸ ਜਾਰੀ ਕਰਨ ਦੀ ਬਜਾਏ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਅਪਰਾਧਿਕ ਕਾਰਵਾਈ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਐਨ.ਜੀ.ਟੀ. ਦੇ ਹੁਕਮਾਂ ਦੀ ਪਾਲਣਾ ’ਤੇ ਵੀ ਸਵਾਲ ਐਡਵੋਕੇਟ ਦਿਨੇਸ਼ ਚੱਢਾ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਹੁਕਮਾਂ ਦੀ ਪ੍ਰਭਾਵੀ ਪਾਲਣਾ ਨੂੰ ਲੈ ਕੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਵਾਤਾਵਰਨ ਨਾਲ ਸੰਬੰਧਿਤ ਮਾਮਲਿਆਂ ਵਿਚ ਐਨ.ਜੀ.ਟੀ. ਦੇ ਹੁਕਮਾਂ ਦੀ ਜ਼ਮੀਨੀ ਪੱਧਰ ‘ਤੇ ਸਖ਼ਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ। ਆਪਣੇ ਮਾਮਲੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਐਨ.ਜੀ.ਟੀ. ਵਿਚ ਕਰੀਬ 600 ਕਰੋੜ ਰੁਪਏ ਦੀਆਂ ਰਿਕਵਰੀਆਂ ਪੈਂਡਿੰਗ ਹੋਣ ਦੇ ਬਾਵਜੂਦ ਉਨ੍ਹਾਂ ਦੀ ਵਸੂਲੀ ਲਈ ਢੁਕਵੀਂ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਤਲੁਜ ਪੰਜਾਬ ਦੀ ਜੀਵਨ ਰੇਖਾ ਹੈ ਅਤੇ ਇਸ ਨੂੰ ਉਦਯੋਗਿਕ ਕੂੜੇ ਤੇ ਰਸਾਇਣਿਕ ਪਦਾਰਥਾਂ ਤੋਂ ਬਚਾਉਣ ਲਈ ਪੰਜਾਬ ਅਤੇ ਹਿਮਾਚਲ ਦੇ ਸਬੰਧਿਤ ਵਿਭਾਗਾਂ ਨੂੰ ਮਿਲ ਕੇ ਠੋਸ ਕਦਮ ਚੁੱਕਣ ਦੀ ਲੋੜ ਹੈ। ਇਸ ਮੌਕੇ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਸੇਵਾ ਮੁਕਤ ਸਿਵਲ ਸਰਜਨ ਡਾਕਟਰ ਐੱਚ. ਐਨ. ਸ਼ਰਮਾ, ਸਮਾਜ ਸੇਵੀ ਐਡਵੋਕੇਟ ਅਸ਼ਵਨੀ ਸ਼ਰਮਾ, ਐਸ.ਐੱਚ.ਓ. ਥਾਣਾ ਸਿਟੀ ਰੂਪਨਗਰ ਇੰਸਪੈਕਟਰ ਪਵਨ ਕੁਮਾਰ, ਕੌਂਸਲਰ ਗੁਰਵਿੰਦਰ ਸਿੰਘ ਜੱਗੀ, ਸੰਗਤ ਲਾਲ ਸੰਘਾ, ਅਮਨਜੋਤ ਸਿੰਘ ਬਾਵਾ ਸਮੇਤ ਵੱਡੀ ਗਿਣਤੀ ਸਥਾਨਕ ਵਾਸੀ ਇਕੱਤਰ ਸਨ ।