ਪਿੰਡ ਬਿੰਜੋਕੀ ਦੇ ਮਦਰੱਸੇ ’ਚੋਂ ਤੜਕੇ ਚਾਰ ਨਾਬਾਲਗ ਬੱਚੇ ਲਾਪਤਾ
ਅਮਰਗੜ੍ਹ, 23 ਅਗਸਤ (ਜਤਿੰਦਰ ਮੰਨਵੀ)-ਪਿੰਡ ਬਿੰਜੋਕੀ ਸਥਿਤ ਇਕ ਮਦਰੱਸੇ ’ਚੋਂ ਤੜਕਸਾਰ ਚਾਰ ਨਾਬਾਲਗ ਵਿਦਿਆਰਥੀਆਂ ਵਲੋਂ ਕੰਧ ਟੱਪ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਜਿਥੇ ਮਦਰਸਾ ਪ੍ਰਬੰਧਕਾਂ ’ਚ ਹੜਕੰਪ ਮੱਚ ਗਿਆ, ਉਥੇ ਹੀ ਬੱਚਿਆਂ ਦੇ ਪਰਿਵਾਰਾਂ ਵਿਚ ਭਾਰੀ ਸਹਿਮ ਅਤੇ ਚਿੰਤਾ ਦਾ ਮਾਹੌਲ ਹੈ।
ਅਮਰਗੜ੍ਹ, 23 ਅਗਸਤ (ਜਤਿੰਦਰ ਮੰਨਵੀ)-ਪਿੰਡ ਬਿੰਜੋਕੀ ਸਥਿਤ ਇਕ ਮਦਰੱਸੇ ’ਚੋਂ ਤੜਕਸਾਰ ਚਾਰ ਨਾਬਾਲਗ ਵਿਦਿਆਰਥੀਆਂ ਵਲੋਂ ਕੰਧ ਟੱਪ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਜਿਥੇ ਮਦਰਸਾ ਪ੍ਰਬੰਧਕਾਂ ’ਚ ਹੜਕੰਪ ਮੱਚ ਗਿਆ, ਉਥੇ ਹੀ ਬੱਚਿਆਂ ਦੇ ਪਰਿਵਾਰਾਂ ਵਿਚ ਭਾਰੀ ਸਹਿਮ ਅਤੇ ਚਿੰਤਾ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬੱਚਿਆਂ ਦੇ ਮਾਪਿਆਂ ਨੇ ਥਾਣਾ ਅਮਰਗੜ੍ਹ ਵਿਖੇ ਪਹੁੰਚ ਕੇ ਬੱਚਿਆਂ ਦੀ ਸੁਰੱਖਿਅਤ ਭਾਲ ਲਈ ਗੁਹਾਰ ਲਗਾਈ ਹੈ। ਲਾਪਤਾ ਹੋਏ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੂੰ ਸਵੇਰੇ ਸਾਢੇ ਛੇ ਵਜੇ ਮਦਰਸਾ ਪ੍ਰਬੰਧਕਾਂ ਵਲੋਂ ਫ਼ੋਨ ’ਤੇ ਸੂਚਨਾ ਮਿਲੀ ਸੀ ਕਿ ਬੱਚੇ ਕੰਧ ਟੱਪ ਕੇ ਕਿਧਰੇ ਚਲੇ ਗਏ ਹਨ। ਲਾਪਤਾ ਹੋਏ ਬੱਚਿਆਂ ਦੀ ਪਛਾਣ ਗ਼ੁਲਾਮ ਹੈਦਰ ਦਾ 11 ਸਾਲਾ ਭਾਣਜਾ ਗ਼ੁਲਾਮ ਮੁਹੰਮਦ ਵਾਸੀ ਮਤੋਈ, ਇਮਰਾਨ ਮਾਨੀ ਪੁੱਤਰ ਕਾਲੂ ਖਾਂ ਵਾਸੀ ਮਲੇਰਕੋਟਲਾ, ਅਬਦੁਲ ਅਹਿਦ ਪੁੱਤਰ ਮੁਹੰਮਦ ਰਮਜ਼ਾਨ ਵਾਸੀ ਮਲੇਰਕੋਟਲਾ, ਮੁਹੰਮਦ ਜੀਸਾਨ ਪੁੱਤਰ ਮੁਹੰਮਦ ਤੋਇਬ ਵਾਸੀ ਆਬਾਸਪੁਰਾ ਵਜੋਂ ਹੋਈ ਹੈ। ਬੱਚਿਆਂ ਦੇ ਮਾਪਿਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਦਰੱਸਾ ਪ੍ਰਬੰਧਕਾਂ ਤੇ ਕਥਿਤ ਦੋਸ਼ ਲਗਾਏ ਕਿ ਉਨ੍ਹਾਂ ਦੀ ਲਾਪਰਵਾਹੀ ਕਰਕੇ ਬੱਚੇ ਲਾਪਤਾ ਹੋਏ ਹਨ।ਪਰਿਵਾਰਕ ਮੈਂਬਰਾਂ ਨੇ ਪੁਲਿਸ ਅੱਗੇ ਜਿਥੇ ਆਪਣੇ ਬੱਚਿਆਂ ਨੂੰ ਲੱਭਣ ਖਾਤਰ ਗੁਹਾਰ ਲਾਈ ਹੈ, ਉਥੇ ਹੀ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ ਐੱਸ.ਐੱਚ.ਓ. ਅਮਰਗੜ੍ਹ ਨਵਦੀਪ ਕੌਰ ਦਾ ਕਹਿਣਾ ਹੈ ਕਿ ਬੱਚੇ ਤੜਕੇ ਮੌਕਾ ਪਾ ਕੇ ਮਦਰਸੇ ਦੀ ਕੰਧ ਟੱਪ ਕੇ ਬਾਹਰ ਨਿਕਲੇ ਹਨ। ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਬੱਚੇ ਕਥਿਤ ਤੌਰ ’ਤੇ ਪ੍ਰਿੰਸੀਪਲ ਦੇ ਵਤੀਰੇ ਤੋਂ ਤੰਗ ਆ ਕੇ ਭੱਜੇ ਹਨ। ਪੁਲਿਸ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਰੋਂਦੇ-ਕੁਰਲਾਉਂਦੇ ਮਾਪਿਆਂ ਨੂੰ ਭਰੋਸਾ ਦਿਵਾਇਆ ਹੈ ਕਿ ਬੱਚਿਆਂ ਨੂੰ ਜਲਦ ਹੀ ਸੁਰੱਖਿਅਤ ਲੱਭ ਕੇ ਪਰਿਵਾਰਾਂ ਹਵਾਲੇ ਕਰ ਦਿੱਤਾ ਜਾਵੇਗਾ।