ਸਤਲੁਜ ਦੇ ਕਥਿਤ ਪ੍ਰਦੂਸ਼ਿਤ ਪਾਣੀ ਨੂੰ ਸਰਹਿੰਦ ਨਹਿਰ ’ਚ ਛੱਡਣ ’ਤੇ ਉੱਠੇ ਸਵਾਲ
ਰੂਪਨਗਰ, 25 ਅਗਸਤ (ਸਤਨਾਮ ਸਿੰਘ ਸੱਤੀ)-ਬੀਤੇ ਦਿਨ ਸਰਸਾ ਨਦੀ ਰਾਹੀਂ ਹਿਮਾਚਲ ਪ੍ਰਦੇਸ਼ ਦੀਆਂ ਕਥਿਤ ਫ਼ੈਕਟਰੀਆਂ ਦਾ ਕਚਰਾ ਵੱਡੀ ਮਾਤਰਾ ਵਿਚ ਸਤਲੁਜ ਦਰਿਆ ‘ਚ ਰੂਪਨਗਰ ਹੈੱਡਵਰਕਸ ਤੱਕ ਪਹੁੰਚਣ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਮੌਕੇ ‘ਤੇ ਪਹੁੰਚ ਕੇ ਇਸ ਕਚਰੇ ਨੂੰ ਮਨੁੱਖੀ ਸਿਹਤ, ਪਸ਼ੂ-ਪੰਛੀਆਂ ਅਤੇ ਪੀਣ ਵਾਲੇ ਪਾਣੀ ਲਈ ਖ਼ਤਰਨਾਕ ਦੱਸਦਿਆਂ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਗਿਆ ਸੀ।
ਰੂਪਨਗਰ, 25 ਅਗਸਤ (ਸਤਨਾਮ ਸਿੰਘ ਸੱਤੀ)-ਬੀਤੇ ਦਿਨ ਸਰਸਾ ਨਦੀ ਰਾਹੀਂ ਹਿਮਾਚਲ ਪ੍ਰਦੇਸ਼ ਦੀਆਂ ਕਥਿਤ ਫ਼ੈਕਟਰੀਆਂ ਦਾ ਕਚਰਾ ਵੱਡੀ ਮਾਤਰਾ ਵਿਚ ਸਤਲੁਜ ਦਰਿਆ ‘ਚ ਰੂਪਨਗਰ ਹੈੱਡਵਰਕਸ ਤੱਕ ਪਹੁੰਚਣ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਮੌਕੇ ‘ਤੇ ਪਹੁੰਚ ਕੇ ਇਸ ਕਚਰੇ ਨੂੰ ਮਨੁੱਖੀ ਸਿਹਤ, ਪਸ਼ੂ-ਪੰਛੀਆਂ ਅਤੇ ਪੀਣ ਵਾਲੇ ਪਾਣੀ ਲਈ ਖ਼ਤਰਨਾਕ ਦੱਸਦਿਆਂ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਗਿਆ ਸੀ। ਹੁਣ ਵਿਰੋਧੀ ਧਿਰਾਂ ਨੇ ਸਵਾਲ ਉਠਾਇਆ ਹੈ ਕਿ ਜੇਕਰ ਇਹ ਕਚਰਾ ਇੰਨਾ ਜ਼ਹਿਰੀਲਾ ਸੀ ਤਾਂ ਇਸ ਨੂੰ ਹੈੱਡਵਰਕਸ ਤੋਂ ਅੱਗੇ ਸਰਹਿੰਦ ਨਹਿਰ ਵਿਚ ਕਿਉਂ ਛੱਡਿਆ ਗਿਆ? ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ, ਪੰਜਾਬ ਮੋਰਚਾ ਦੇ ਆਗੂ ਗੌਰਵ ਰਾਣਾ ਸਮੇਤ ਹੋਰ ਵਿਰੋਧੀ ਆਗੂਆਂ ਨੇ ਸਵਾਲ ਉਠਾਇਆ ਕਿ ਜੇਕਰ ਹੈੱਡਵਰਕਸ ‘ਤੇ ਇਕੱਠਾ ਹੋਇਆ ਕਚਰਾ ਮਨੁੱਖੀ ਜਾਨਾਂ ਲਈ ਗੰਭੀਰ ਖ਼ਤਰਾ ਸੀ ਤਾਂ ਇਸ ਨੂੰ ਮੌਕੇ ‘ਤੇ ਹੀ ਰੋਕ ਕੇ ਜਾਂ ਬਾਹਰ ਕੱਢ ਕੇ ਵਿਗਿਆਨਕ ਜਾਂਚ ਲਈ ਸੁਰੱਖਿਅਤ ਕਿਉਂ ਨਹੀਂ ਕੀਤਾ ਗਿਆ? ਇਸੇ ਦੌਰਾਨ ਅੱਜ ਵਿਧਾਇਕ ਦਿਨੇਸ਼ ਚੱਢਾ ਪੰਜਾਬ ਦੇ ਕੁਝ ਅਧਿਕਾਰੀਆਂ ਨੂੰ ਨਾਲ ਲੈ ਕੇ ਹਿਮਾਚਲ ਪ੍ਰਦੇਸ਼ ਦੇ ਉਨ੍ਹਾਂ ਇਲਾਕਿਆਂ ਵਿਚ ਪਹੁੰਚੇ, ਜਿਥੋਂ ਕਥਿਤ ਤੌਰ ‘ਤੇ ਫ਼ੈਕਟਰੀਆਂ ਦਾ ਕਚਰਾ ਸਰਸਾ ਨਦੀ ਰਾਹੀਂ ਸਤਲੁਜ ਵਿਚ ਪਹੁੰਚਦਾ ਹੈ। ਇਸ ਦੌਰੇ ਦਾ ਮਕਸਦ ਪ੍ਰਦੂਸ਼ਣ ਦੇ ਸਰੋਤ ਦੀ ਜਾਂਚ ਅਤੇ ਮਾਮਲੇ ਦੀ ਜੜ੍ਹ ਤੱਕ ਪਹੁੰਚਣਾ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਵਿਧਾਇਕ ਚੱਢਾ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਿਸ ਦਿਨ ਕਥਿਤ ਫ਼ੈਕਟਰੀਆਂ ਦੀ ਗੰਦਗੀ ਹੈੱਡਵਰਕਸ ‘ਤੇ ਪਹੁੰਚੀ ਸੀ, ਉਸੇ ਦਿਨ ਮੌਕੇ ਦੀ ਬਕਾਇਦਾ ਵੀਡੀਓਗ੍ਰਾਫੀ ਅਤੇ ਤਸਵੀਰਾਂ ਬਣਾਈਆਂ ਗਈਆਂ ਸਨ, ਜਦਕਿ ਪੁਲਿਸ ਵਲੋਂ ਕਚਰੇ ਦੇ ਸੈਂਪਲ ਵੀ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਅੱਗੇ ਵਧਾਈ ਜਾ ਰਹੀ ਹੈ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਹੋਰ ਵਿਭਾਗ ਵੀ ਕਥਿਤ ਫ਼ੈਕਟਰੀਆਂ ਦੀ ਜਾਂਚ ਵਿਚ ਸ਼ਾਮਿਲ ਹਨ। ਇਸ ਲਈ ਮਾਮਲੇ ਵਿਚ ਕਾਰਵਾਈ ਜਾਰੀ ਹੈ।