ਈ. ਡੀ. ਵਲੋਂ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ 31 ਨੂੰ ਪੇਸ਼ ਹੋਣ ਲਈ ਸੰਮਨ
ਦੁਬਾਰਾ ਪੇਸ਼ ਹੋਣ ਲਈ ਆਈ. ਏ. ਐਸ. ਕੰਵਲ ਪ੍ਰੀਤ ਬਰਾੜ ਨੂੰ ਵੀ ਸੰਮਨ
ਜਲੰਧਰ, 25 ਅਗਸਤ (ਸ਼ਿਵ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)
ਜਲੰਧਰ, 25 ਅਗਸਤ (ਸ਼ਿਵ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਸਨਟੈਕ ਸਿਟੀ ਅਤੇ ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਡ ਨਾਲ ਸੰਬੰਧਿਤ ਕਥਿਤ ਬੇਨਿਯਮੀਆਂ ਦੇ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਹੁਣ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ 31 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ, ਜਦਕਿ ਕੁਝ ਦਿਨ ਪਹਿਲਾਂ ਈ. ਡੀ. ਦਫ਼ਤਰ ਵਿਚ ਲੰਬੀ ਹੋਈ ਪੁੱਛਗਿੱਛ ਦਾ ਸਾਹਮਣਾ ਕਰ ਚੁੱਕੇ ਆਈ. ਏ. ਐਸ. ਕੰਵਲ ਪ੍ਰੀਤ ਬਰਾੜ ਨੂੰ 27 ਅਗਸਤ ਨੂੰ ਦੁਬਾਰਾ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ। ਜਦੋਂ ਕੰਵਲ ਪ੍ਰੀਤ ਬਰਾੜ ਤੋਂ ਈ.ਡੀ. ਨੇ 8 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਪੁੱਛਗਿੱਛ ਕੀਤੀ ਗਈ ਸੀ ਤਾਂ ਉਸ ਵੇਲੇ ਇਸ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਸੀ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਅਧਿਕਾਰੀਆਂ ਨੂੰ ਪੁੱਛਗਿੱਛ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ।ਦੋਵਾਂ ਅਧਿਕਾਰੀਆਂ ਨੂੰ ਤੈਅ ਤਰੀਕਾਂ ’ਤੇ ਈ. ਡੀ. ਦੇ ਜਲੰਧਰ ਜ਼ੋਨਲ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਨੁਰਾਗ ਵਰਮਾ ਪਹਿਲੀ ਵਾਰ ਈ. ਡੀ. ਦਫ਼ਤਰ ਵਿਚ ਪੇਸ਼ ਹੋਣਗੇ । ਉਹ ਕਥਿਤ ਘੁਟਾਲੇ ਦੇ ਸਮੇਂ ਦੌਰਾਨ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਮੁਖੀ ਸਨ, ਜਦਕਿ ਹੁਣ ਵਧੀਕ ਮੁੱਖ ਸਕੱਤਰ ਮਾਲ ਵਿਭਾਗ ਦੇ ਅਹੁਦੇ ’ਤੇ ਹਨ।