ਫ਼ਤਹਿਗੜ੍ਹ ਚੂੜੀਆਂ (ਬਟਾਲਾ), 31 ਅਗਸਤ (ਐਮ.ਐਸ. ਫੁੱਲ)-ਫ਼ਤਹਿਗੜ੍ਹ ਚੂੜੀਆਂ ਦੇ ਵਾਰਡ ਨੰਬਰ 5 ਤੋਂ ਕੌਂਸਲਰ ਰਣਜੋਤ ਸਿੰਘ ਦਿਓ ਦੇ ਚਾਚਾ ਅਮਰਜੀਤ ਸਿੰਘ ਦਿਓ ਉੱਪਰ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਹਮਲੇ ਵਿਚ ਅਮਰਜੀਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਦਿਓ ਆਪਣੀ ਮੋਪੇਡ ’ਤੇ ਸਟੇਸ਼ਨ ਰੋਡ ਤੋਂ ਅਜਨਾਲਾ ਰੋਡ ਵੱਲ ਹੁੰਦੇ ਹੋਏ ਕਾਨਵੈਂਟ ਸਕੂਲ ਵਾਲੇ ਰਸਤੇ ਤੋਂ ਆਪਣੇ ਘਰ ਵੱਲ ਜਾ ਰਹੇ ਸਨ। ਇਸੇ ਦੌਰਾਨ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ, ਜਿਨ੍ਹਾਂ ਵਿਚੋਂ ਇਕ ਸਰਦਾਰ ਅਤੇ ਇਕ ਮੋਨਾ ਦੱਸਿਆ ਜਾ ਰਿਹਾ ਹੈ, ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਅਚਾਨਕ ਗੋਲੀ ਚਲਾ ਦਿੱਤੀ। ਗੋਲੀ ਅਮਰਜੀਤ ਸਿੰਘ ਦੇ ਸੱਜੇ ਡੌਲੇ ਵਿਚ ਜਾ ਲੱਗੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੋਟਰਸਾਈਕਲ ਭਜਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਇਲਾਜ ਲਈ ਫ਼ਤਹਿਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਡਾਕਟਰਾਂ ਮੁਤਾਬਕ ਅਮਰਜੀਤ ਸਿੰਘ ਨੂੰ ਮੁੱਢਲੀ ਸਹਾਇਤਾ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਹਾਲਤ ਫਿਲਹਾਲ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਤਲਾਹ ਮਿਲਦਿਆਂ ਹੀ ਡੀ.ਐੱਸ.ਪੀ. ਲਲਿਤ ਕੁਮਾਰ ਅਤੇ ਐੱਸ.ਐੱਚ.ਓ. ਗੁਰਿੰਦਰ ਸਿੰਘ ਢਿੱਲੋਂ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਤੇ ਬਿਆਨ ਦਰਜ ਕਰ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।