ਸੱਜਣ ਕੁਮਾਰ ਨੂੰ ਸ਼ਰਧਾਂਜਲੀ ਦੇਣ ਵਾਲੇ ਭਾਜਪਾ ਆਗੂਆਂ ਖ਼ਿਲਾਫ਼ ਆਮ ਆਦਮੀ ਪਾਰਟੀ ਵਲੋਂ ਪੰਜਾਬ ’ ਚ ਪ੍ਰਦਰਸ਼ਨ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਬਠਿੰਡਾ ’ਚ ਵਿਰੋਧ ਪ੍ਰਦਰਸ਼ਨ
ਚੰਡੀਗੜ੍ਹ , 1 ਸਤੰਬਰ ( ਅਜੀਤ ਬਿਊਰੋ )- ਆਮ ਆਦਮੀ ਪਾਰਟੀ ( ਆਪ ) ਪੰਜਾਬ ਨੇ ਮੰਗਲਵਾਰ ਨੂੰ ਲੁਧਿਆਣਾ , ਜਲੰਧਰ , ਅੰਮ੍ਰਿਤਸਰ ਅਤੇ ਬਠਿੰਡਾ ਵਿਚ ਭਾਰਤੀ ਜਨਤਾ ਪਾਰਟੀ ( ਭਾਜਪਾ ) ਦੇ ਤਿੰਨ ਸੰਸਦ ਮੈਂਬਰਾਂ ਰਾਮਵੀਰ ਬਿਧੂੜੀ , ਯੋਗੇਂਦਰ ਚੰਦੋਲੀਆ ਅਤੇ ਕਮਲਜੀਤ ਸਹਿਰਾਵਤ ਵਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਸ਼ਰਧਾਂਜਲੀ ਸਭਾ ਵਿਚ ਸ਼ਮੂਲੀਅਤ ਕਰਨ ਦੇ ਵਿਰੋਧ ’ ਚ ਜ਼ਬਰਦਸਤ ਪ੍ਰਦਰਸ਼ਨ ਕੀਤਾ । ਭਾਜਪਾ ਸੰਸਦ ਮੈਂਬਰਾਂ ਦੀ ਇਸ ਸ਼ਮੂਲੀਅਤ ਦੀ ਸਖ਼ਤ ਨਿੰਦਾ ਕਰਦਿਆਂ ‘ ਆਪ ’ ਆਗੂਆਂ ਨੇ ਕਿਹਾ ਕਿ 1984 ਦਾ ਕਤਲੇਆਮ ਸਿੱਖ ਪਰਿਵਾਰਾਂ ਲਈ ਇੱਕ ਕਦੇ ਨਾ ਭਰਨ ਵਾਲਾ ਜ਼ਖ਼ਮ ਹੈ ਅਤੇ ਸੱਜਣ ਕੁਮਾਰ ਨੂੰ ਸ਼ਰਧਾਂਜਲੀ ਦੇਣ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ ।
ਚੰਡੀਗੜ੍ਹ , 1 ਸਤੰਬਰ ( ਅਜੀਤ ਬਿਊਰੋ )- ਆਮ ਆਦਮੀ ਪਾਰਟੀ ( ਆਪ ) ਪੰਜਾਬ ਨੇ ਮੰਗਲਵਾਰ ਨੂੰ ਲੁਧਿਆਣਾ , ਜਲੰਧਰ , ਅੰਮ੍ਰਿਤਸਰ ਅਤੇ ਬਠਿੰਡਾ ਵਿਚ ਭਾਰਤੀ ਜਨਤਾ ਪਾਰਟੀ ( ਭਾਜਪਾ ) ਦੇ ਤਿੰਨ ਸੰਸਦ ਮੈਂਬਰਾਂ ਰਾਮਵੀਰ ਬਿਧੂੜੀ , ਯੋਗੇਂਦਰ ਚੰਦੋਲੀਆ ਅਤੇ ਕਮਲਜੀਤ ਸਹਿਰਾਵਤ ਵਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਸ਼ਰਧਾਂਜਲੀ ਸਭਾ ਵਿਚ ਸ਼ਮੂਲੀਅਤ ਕਰਨ ਦੇ ਵਿਰੋਧ ’ ਚ ਜ਼ਬਰਦਸਤ ਪ੍ਰਦਰਸ਼ਨ ਕੀਤਾ । ਭਾਜਪਾ ਸੰਸਦ ਮੈਂਬਰਾਂ ਦੀ ਇਸ ਸ਼ਮੂਲੀਅਤ ਦੀ ਸਖ਼ਤ ਨਿੰਦਾ ਕਰਦਿਆਂ ‘ ਆਪ ’ ਆਗੂਆਂ ਨੇ ਕਿਹਾ ਕਿ 1984 ਦਾ ਕਤਲੇਆਮ ਸਿੱਖ ਪਰਿਵਾਰਾਂ ਲਈ ਇੱਕ ਕਦੇ ਨਾ ਭਰਨ ਵਾਲਾ ਜ਼ਖ਼ਮ ਹੈ ਅਤੇ ਸੱਜਣ ਕੁਮਾਰ ਨੂੰ ਸ਼ਰਧਾਂਜਲੀ ਦੇਣ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ ।‘ ਆਪ ’ ਨੇ ਮੰਗ ਕੀਤੀ ਕਿ ਭਾਜਪਾ ਆਪਣੇ ਤਿੰਨਾਂ ਸੰਸਦ ਮੈਂਬਰਾਂ ਖ਼ਿਲਾਫ਼ ਕਾਰਵਾਈ ਕਰੇ । ਪਾਰਟੀ ਨੇ ਸਵਾਲ ਕੀਤਾ ਕਿ ਜ਼ਿੰਮੇਵਾਰ ਜਨਤਕ ਅਹੁਦਿਆਂ ’ ਤੇ ਬੈਠੇ ਚੁਣੇ ਹੋਏ ਨੁਮਾਇੰਦੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਵਿਅਕਤੀ ਦੇ ਘਰ ਜਾ ਕੇ ਉਸ ਨੂੰ ਸ਼ਰਧਾਂਜਲੀ ਕਿਵੇਂ ਦੇ ਸਕਦੇ ਹਨ ? ਅੰਮ੍ਰਿਤਸਰ ਵਿਚ ‘ ਆਪ ’ ਵਰਕਰਾਂ ਨੇ ਰਾਜ ਸਭਾ ਮੈਂਬਰ ਤਰੁਣ ਚੁੱਘ ਦੀ ਰਿਹਾਇਸ਼ ਬਾਹਰ ਧਰਨਾ ਦਿੱਤਾ ਅਤੇ ਉਨ੍ਹਾਂ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ । ਪੁਲਿਸ ਵਲੋਂ ਭਾਰੀ ਬੈਰੀਕੇਡਿੰਗ ਅਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ , ਜਿਸ ਕਾਰਨ ਪ੍ਰਦਰਸ਼ਨਕਾਰੀਆਂ ਨੂੰ ਰਿਹਾਇਸ਼ ਤੱਕ ਪਹੁੰਚਣ ਤੋਂ ਰੋਕ ਦਿੱਤਾ ਗਿਆ । ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ‘ ਆਪ ’ ਵਿਧਾਇਕਾ ਜੀਵਨ ਜੋਤ ਕੌਰ ਨੇ ਕਿਹਾ ਕਿ 1984 ਦਾ ਕਤਲੇਆਮ ਸਿੱਖ ਪਰਿਵਾਰਾਂ ਲਈ ਇੱਕ ਡੂੰਘਾ ਅਤੇ ਅਣਸੁੱਕਾ ਜ਼ਖ਼ਮ ਹੈ । ਭਾਜਪਾ ਅਤੇ ਕਾਂਗਰਸ ਦੋਵਾਂ ਨੇ ਹੀ ਵਾਰ - ਵਾਰ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਹਿੱਤਾਂ ਦੇ ਵਿਰੁੱਧ ਕੰਮ ਕੀਤਾ ਹੈ । ਭਾਜਪਾ ਨੇਤਾ ਉਸ ਵਿਅਕਤੀ ਦਾ ਸਨਮਾਨ ਕਿਵੇਂ ਕਰ ਸਕਦੇ ਹਨ ਜਿਸ ਦਾ ਨਾਂਅ 1984 ਦੇ ਕਤਲੇਆਮ ਨਾਲ ਜੁੜਿਆ ਹੋਇਆ ਹੈ ? ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਦੇ ਸ਼ਰਧਾਂਜਲੀ ਸਮਾਗਮ ’ ਚ ਭਾਜਪਾ ਆਗੂਆਂ ਦੀ ਸ਼ਮੂਲੀਅਤ ਪੀੜਤ ਪਰਿਵਾਰਾਂ ਲਈ ਬੇਹੱਦ ਦੁਖਦਾਈ ਹੈ । ਜਲੰਧਰ ਵਿਚ ‘ ਆਪ ’ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ 1984 ਦੇ ਘੱਲੂਘਾਰੇ ਨੇ ਸਿੱਖ ਭਾਈਚਾਰੇ ਦੇ ਮਨਾਂ ’ ਤੇ ਬਹੁਤ ਦਰਦਨਾਕ ਯਾਦਾਂ ਛੱਡੀਆਂ ਹਨ । ਅਜਿਹੇ ਸਮੇਂ ਭਾਜਪਾ ਦੇ ਸੀਨੀਅਰ ਆਗੂਆਂ ਦਾ ਸੱਜਣ ਕੁਮਾਰ ਦੀ ਸ਼ਰਧਾਂਜਲੀ ਸਭਾ ’ ਚ ਸ਼ਾਮਿਲ ਹੋਣਾ ਇਹ ਦਰਸਾਉਂਦਾ ਹੈ ਕਿ ਭਾਜਪਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੇ ਮੁੱਦੇ ’ ਤੇ ਕਿੱਥੇ ਖੜ੍ਹੀ ਹੈ । ਲੁਧਿਆਣਾ ਵਿਚ ‘ ਆਪ ’ ਆਗੂਆਂ , ਵਿਧਾਇਕਾਂ , ਕੌਂਸਲਰਾਂ , ਚੇਅਰਮੈਨਾਂ , ਡਾਇਰੈਕਟਰਾਂ ਅਤੇ ਪਾਰਟੀ ਅਹੁਦੇਦਾਰਾਂ ਨੇ ਸੱਜਣ ਕੁਮਾਰ ਦੇ ਸ਼ਰਧਾਂਜਲੀ ਸਮਾਗਮ ਵਿਚ ਤਿੰਨ ਭਾਜਪਾ ਸੰਸਦ ਮੈਂਬਰਾਂ ਦੀ ਸ਼ਮੂਲੀਅਤ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ । ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ 1984 ਦੇ ਕਤਲੇਆਮ ਤੋਂ ਪੀੜਤ ਸਿੱਖ ਪਰਿਵਾਰਾਂ ਦੇ ਦਰਦ ਨੂੰ ਠੇਸ ਪਹੁੰਚਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ । ਬਠਿੰਡਾ ਵਿਚ ‘ ਆਪ ’ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ 1984 ਦੇ ਕਤਲੇਆਮ ਨਾਲ ਜੁੜੇ ਲੋਕਾਂ ਨਾਲ ਪਾਰਟੀ ਦੀ ਨੇੜਤਾ ਦੇ ਦੋਸ਼ ਲਾਉਂਦਿਆਂ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਉਨ੍ਹਾਂ ਮੰਗ ਕੀਤੀ ਕਿ ਭਾਜਪਾ ਰਾਮਵੀਰ ਬਿਧੂੜੀ , ਯੋਗੇਂਦਰ ਚੰਦੋਲੀਆ ਅਤੇ ਕਮਲਜੀਤ ਸਹਿਰਾਵਤ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਅਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇ ।