ਨਰੋਵਾਲ ’ਚ ਹਿੰਦੂ ਮੰਦਰ ਢਾਹੁਣ ਦੇ ਭਾਰਤ ਦੇ ਦੋਸ਼ਾਂ ਨੂੰ ਪਾਕਿ ਨੇ ਨਕਾਰਿਆ
ਅੰਮ੍ਰਿਤਸਰ, 4 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਅੱਡਾ ਸਿਰਾਜ ਸਥਿਤ ਇਕ ਹਿੰਦੂ ਮੰਦਰ ਨੂੰ ਢਾਹੇ ਜਾਣ ਸੰਬੰਧੀ ਭਾਰਤ ਵਲੋਂ ਲਾਏ ਗਏ ਦੋਸ਼ਾਂ ਨੂੰ ਖ਼ਾਰਜ ਕਰ ਦਿੱਤਾ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਮੰਦਰ ਦੀ ਇਮਾਰਤ ਨੂੰ ਨੁਕਸਾਨ ਕੁਦਰਤੀ ਮੀਂਹ ਕਾਰਨ ਪੁੱਜਿਆ ਹੈ, ਨਾ ਕਿ ਇਸ ਨੂੰ ਜਾਣਬੁੱਝ ਕੇ ਢਾਹਿਆ ਗਿਆ ਹੈ।
ਅੰਮ੍ਰਿਤਸਰ, 4 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਅੱਡਾ ਸਿਰਾਜ ਸਥਿਤ ਇਕ ਹਿੰਦੂ ਮੰਦਰ ਨੂੰ ਢਾਹੇ ਜਾਣ ਸੰਬੰਧੀ ਭਾਰਤ ਵਲੋਂ ਲਾਏ ਗਏ ਦੋਸ਼ਾਂ ਨੂੰ ਖ਼ਾਰਜ ਕਰ ਦਿੱਤਾ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਮੰਦਰ ਦੀ ਇਮਾਰਤ ਨੂੰ ਨੁਕਸਾਨ ਕੁਦਰਤੀ ਮੀਂਹ ਕਾਰਨ ਪੁੱਜਿਆ ਹੈ, ਨਾ ਕਿ ਇਸ ਨੂੰ ਜਾਣਬੁੱਝ ਕੇ ਢਾਹਿਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਸੱਜਾਦ ਹੈਦਰ ਖ਼ਾਨ ਨੇ ਕਿਹਾ ਕਿ ਕੁਝ ਪਾਕਿਸਤਾਨੀ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਭਾਰਤ ਵਲੋਂ ਫੈਲਾਏ ਜਾ ਰਹੇ ਝੂਠੇ ਪ੍ਰਚਾਰ ਦੇ ਉਲਟ ਮੰਦਰ ਦੀ ਇਮਾਰਤ ਭਾਰੀ ਮੀਂਹ ਕਾਰਨ ਨੁਕਸਾਨੀ ਗਈ ਸੀ। ਸਥਾਨਕ ਪ੍ਰਸ਼ਾਸਨ ਨੇ ਮੀਂਹ ਨਾਲ ਹੋਏ ਨੁਕਸਾਨ ਦਾ ਸਰਵੇਖਣ ਪਹਿਲਾਂ ਹੀ ਕਰ ਲਿਆ ਹੈ ਅਤੇ ਇਮਾਰਤ ਦੀ ਮੁਰੰਮਤ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਉੱਧਰ, ਇਸ ਸੰਬੰਧੀ ਈ. ਟੀ. ਪੀ. ਬੀ. ਦੇ ਸਕੱਤਰ ਤੇ ਵਧੀਕ ਸਕੱਤਰ (ਧਾਰਮਿਕ ਅਸਥਾਨ) ਨਾਸਿਰ ਮੁਸ਼ਤਾਕ ਨੇ ਪੰਜਾਬ ਦੇ ਸੂਬਾਈ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਅਤੇ ਡਿਪਟੀ ਕਮਿਸ਼ਨਰ ਨਾਰੋਵਾਲ ਤੈਅਬ ਖ਼ਾਨ ਦੇ ਨਾਲ ਨਾਰੋਵਾਲ ਦੇ ਸਰਹੱਦੀ ਪਿੰਡ ਸਿਰਾਜ ‘ਚ ਢਾਹੇ ਗਏ ਉਕਤ ਮੰਦਰ ਦਾ ਦੌਰਾ ਕੀਤਾ। ਮੰਦਰ ਦੇ ਦੌਰੇ ਮਗਰੋਂ ਸਕੱਤਰ ਨਾਸਿਰ ਮੁਸ਼ਤਾਕ ਅਤੇ ਮੰਤਰੀ ਅਰੋੜਾ ਨੇ ਸਪੱਸ਼ਟ ਕੀਤਾ ਕਿ ਇਹ ਇਕ ਗ਼ੈਰ-ਸਰਗਰਮ ਮੰਦਰ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਈ. ਟੀ. ਪੀ. ਬੀ. ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜਲਦੀ ਹੀ ਇਸ ਮੰਦਰ ਦੀ ਮੁਰੰਮਤ ਅਤੇ ਸਜਾਵਟ ਦਾ ਬਾਕਾਇਦਾ ਕੰਮ ਸ਼ੁਰੂ ਕਰੇਗਾ।