ਪੰਜਾਬ ਵਿਚ ਇਸ ਵਾਰ ਬਾਸਮਤੀ ਦੀ ਬੰਪਰ ਫ਼ਸਲ ਦੀ ਉਮੀਦ, 30 ਲੱਖ ਟਨ ਤੱਕ ਪਹੁੰਚ ਸਕਦੀ ਹੈ ਪੈਦਾਵਾਰ
ਬਾਸਮਤੀ ਹੇਠ ਰਕਬਾ ਵਧਿਆ, 1509 ਕਿਸਮ ਦਾ ਔਸਤ ਝਾੜ 16 ਤੋਂ ਵਧ ਕੇ 23 ਕੁਇੰਟਲ ਪ੍ਰਤੀ ਏਕੜ ਹੋਣ ਦੀ ਉਮੀਦ
ਹਰਜਿੰਦਰ ਸਿੰਘ ਲਾਲ
ਖੰਨਾ, 5 ਸਤੰਬਰ-ਪੰਜਾਬ ਇਸ ਵਾਰ ਬਾਸਮਤੀ ਖੇਤਾਂ ਦਾ ਰੰਗ ਹੀ ਵੱਖਰਾ ਨਜ਼ਰ ਆ ਰਿਹਾ ਹੈ। ਪਿਛਲੇ ਸਾਲ ਹੜ੍ਹਾਂ, ਗਰਮੀ ਤੇ ਮੌਸਮ ਦੀਆਂ ਸਥਿਤੀਆਂ ਨੇ ਕਿਸਾਨਾਂ ਅਤੇ ਚੌਲ ਉਦਯੋਗ ਦੋਵਾਂ ਨੂੰ ਚਿੰਤਾ ਵਿਚ ਪਾਇਆ ਸੀ, ਇਸ ਵਾਰ ਬਾਸਮਤੀ ਪੰਜਾਬ ਦੀ ਖੇਤੀ ਲਈ ਇੱਕ ਵੱਡੀ ਉਮੀਦ ਬਣ ਕੇ ਸਾਹਮਣੇ ਆ ਰਹੀ ਹੈ।
ਖੰਨਾ, 5 ਸਤੰਬਰ-ਪੰਜਾਬ ਇਸ ਵਾਰ ਬਾਸਮਤੀ ਖੇਤਾਂ ਦਾ ਰੰਗ ਹੀ ਵੱਖਰਾ ਨਜ਼ਰ ਆ ਰਿਹਾ ਹੈ। ਪਿਛਲੇ ਸਾਲ ਹੜ੍ਹਾਂ, ਗਰਮੀ ਤੇ ਮੌਸਮ ਦੀਆਂ ਸਥਿਤੀਆਂ ਨੇ ਕਿਸਾਨਾਂ ਅਤੇ ਚੌਲ ਉਦਯੋਗ ਦੋਵਾਂ ਨੂੰ ਚਿੰਤਾ ਵਿਚ ਪਾਇਆ ਸੀ, ਇਸ ਵਾਰ ਬਾਸਮਤੀ ਪੰਜਾਬ ਦੀ ਖੇਤੀ ਲਈ ਇੱਕ ਵੱਡੀ ਉਮੀਦ ਬਣ ਕੇ ਸਾਹਮਣੇ ਆ ਰਹੀ ਹੈ। ਪੰਜਾਬ ਵਿਚ ਇਸ ਸਾਲ ਫਸਲ ਦੀ ਪੈਦਾਵਾਰ ਪਿਛਲੇ ਸਾਲ ਦੇ ਕਰੀਬ 20 ਲੱਖ ਮੀਟਰਕ ਟਨ ਦੇ ਮੁਕਾਬਲੇ ਕਰੀਬ 30 ਲੱਖ ਮੀਟ੍ਰਿਕ ਹੋਣ ਦੀ ਸੰਭਾਵਨਾ ਹੈ। ਬਾਸਮਤੀ ਹੇਠ 50 ਹਜ਼ਾਰ ਹੈਕਟੇਅਰ ਰਕਬਾ ਵਧਿਆ ਇਸ ਸਾਲ ਪੰਜਾਬ ਵਿਚ ਇਸ ਫਸਲ ਹੇਠ ਲਗਭਗ 6.76 ਲੱਖ ਹੈਕਟੇਅਰ ਹੈ ਜੋ ਪਿਛਲੇ ਨਾਲੋਂ 50 ਹਜਾਰ ਹੈਕਟੇਅਰ ਵਧੇਰੇ ਹੈ। ਪੰਜਾਬ ਵਿਚ ਇਸ ਵਾਰ ਮੱਕੀ ਹੇਠਲੇ ਕਾਫ਼ੀ ਰਕਬੇ ਵਿਚ ਵੀ ਬਾਸਮਤੀ ਦੀ 1509 ਕਿਸਮ ਬੀਜਣ ਦਾ ਰੁਝਾਨ ਹੈ । ਪਿਛਲੇ ਸਾਲ ਹੜ੍ਹਾਂ ਨੇ ਬਾਸਮਤੀ ਨੂੰ ਵੱਡਾ ਝਟਕਾ ਦਿੱਤਾ ਸੀ ਤੇ ਦੇਰ ਤੱਕ ਰਹੀ ਗਰਮੀ ਨੇ ਵੀ ਫ਼ਸਲ ਦੇ ਝਾੜ ’ਤੇ ਅਸਰ ਪਾਇਆ ਸੀ । ਪਰ ਇਸ ਵਾਰ ਮੌਸਮ ਕਿਸਾਨਾਂ ਦਾ ਸਾਥ ਦੇ ਰਿਹਾ ਹੈ। ਪਿਛਲੇ ਸਾਲ ਜਿੱਥੇ ਔਸਤ ਝਾੜ 15-16 ਕੁਇੰਟਲ ਦੇ ਨੇੜੇ ਰਿਹਾ, ਇਸ ਸਾਲ ਚੰਗੇ ਖੇਤਾਂ ਵਿਚ 23 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦੀ ਉਮੀਦ ਹੈ। 1509 ਕਿਸਮ ਦੀ ਆਮਦ ਨੇ ਮੰਡੀ ਵਿਚ ਪੈਦਾ ਕੀਤਾ ਉਤਸ਼ਾਹ ਅਗੇਤੀ ਬਾਸਮਤੀ ਕਿਸਮ 1509 ਦੀ ਆਮਦ ਨਾਲ ਮੰਡੀਆਂ ਵਿਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ੁਰੂਆਤੀ ਪੱਧਰ ’ਤੇ ਕਰੀਬ 3,800 ਤੋਂ 4,000 ਪ੍ਰਤੀ ਕੁਇੰਟਲ ਤੱਕ ਭਾਅ ਮਿਲ ਰਿਹਾ ਹੈ । ਬਾਸਮਤੀ ਹੇਠ ਵਧਦਾ ਰਕਬਾ ਪੰਜਾਬ ਦੇ ਪਾਣੀ ਲਈ ਵੀ ਚੰਗਾ ਸੰਕੇਤ ਹੈ, ਜੇਕਰ ਕਿਸਾਨ ਪਰਮਲ ਦੀ ਥਾਂ ਬਾਸਮਤੀ ਝੋਨੇ ਵੱਲ ਵਧਦੇ ਹਨ ਤਾਂ ਇਸਨੂੰ ਫ਼ਸਲੀ ਵਿਭਿੰਨਤਾ ਵੱਲ ਇੱਕ ਸਕਾਰਾਤਮਕ ਕਦਮ ਮੰਨਿਆ ਜਾ ਸਕਦਾ ਹੈ। ਉਦਯੋਗ ਲਈ ਚੁਣੌਤੀਆਂ ਵੀ ਵੱਡੀਆਂ ਬਾਸਮਤੀ ਰਾਈਸ ਮਿਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਕਿਹਾ ਕਿ ਬਾਸਮਤੀ ਨਿਰਯਾਤ ਉਦਯੋਗ ਇਸ ਸਮੇਂ ਕਈ ਮੁਸ਼ਕਿਲਾਂ ਵਿਚੋਂ ਲੰਘ ਰਿਹਾ ਹੈ । ਅੰਤਰਰਾਸ਼ਟਰੀ ਸਮੁੰਦਰੀ ਰੂਟਾਂ ’ਤੇ ਤਣਾਅ, ਕਿਰਾਏ ਵਿਚ ਵਾਧਾ ਤੇ ਜਹਾਜ਼ਾਂ ਦੀ ਘੱਟ ਉਪਲਬਧਤਾ ਨੇ ਨਿਰਯਾਤ ਦੀ ਲਾਗਤ ਵਧਾਈ ਹੈ । ਸ਼ਿਪਮੈਂਟਾਂ ਨੂੰ ਮੰਜ਼ਿਲ ਤੱਕ ਪਹੁੰਚਣ ਵਿਚ ਹੁਣ 10 ਤੋਂ 15 ਦਿਨ ਦੀ ਥਾਂ 45 ਤੋਂ 60 ਦਿਨ ਲੱਗਦੇ ਹਨ । ਇਸ ਨਾਲ ਸਗੋਂ ਨਿਰਯਾਤਕਾਂ ਦਾ ਖਰਚਾ ਵਧਿਆ ਹੈ। ਬਾਸਮਤੀ ਰਾਈਸ ਮਿਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਨੇ ਕਿਹਾ ਕਿ ਇਸ ਸਾਲ ਦੀ ਬਾਸਮਤੀ ਫ਼ਸਲ ਨੇ ਸ਼ੁਰੂ ਤੋਂ ਹੀ ਚੰਗੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਫ਼ਸਲ ਦੀ ਮੌਜੂਦਾ ਹਾਲਤ ਪੰਜਾਬ ਦੇ ਕਿਸਾਨਾਂ ਅਤੇ ਉਦਯੋਗ ਦੋਵਾਂ ਲਈ ਉਤਸ਼ਾਹ-ਵਰਧਕ ਹੈ। ਬਾਸਮਤੀ ਚਾਵਲ ਨਿਰਯਾਤਕ ਨਰੇਸ਼ ਗੋਇਲ ਨੇ ਕਿਹਾ ਕਿ ਬਾਸਮਤੀ ਹੇਠ ਵਧੇ ਰਕਬੇ ਅਤੇ ਚੰਗੀ ਫ਼ਸਲ ਦੀਆਂ ਉਮੀਦਾਂ ਪੰਜਾਬ ਦੇ ਬਾਸਮਤੀ ਉਦਯੋਗ ਲਈ ਵੀ ਇੱਕ ਸ਼ੁਭ ਸੰਕੇਤ ਹੈ । ਪਿਛਲੇ ਕੁਝ ਸਾਲਾਂ ਵਿਚ ਪੰਜਾਬ ਦੇ ਚੌਲ ਉਦਯੋਗ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਬਾਹਰਲੇ ਸੂਬਿਆਂ ਤੋਂ ਵੀ ਬਾਸਮਤੀ ਖਰੀਦਣੀ ਪੈਂਦੀ ਸੀ, ਪਰ ਇਸ ਸਾਲ ਲੋੜੀਂਦੀ ਬਾਸਮਤੀ ਪੰਜਾਬ ਵਿਚ ਹੀ ਉਪਲਬਧ ਹੋਣ ਦੀ ਆਸ ਕੀਤੀ ਜਾ ਰਹੀ ਹੈ। ਬਾਸਮਤੀ ਸਿਰਫ਼ ਕਿਸਾਨਾਂ ਦੀ ਨਹੀਂ, ਪੰਜਾਬ ਦੇ ਭਵਿੱਖ ਦੀ ਫ਼ਸਲ ਹੈ । ਇਸ ਪੂਰੇ ਮਾਮਲੇ ਨੂੰ ਜੇਕਰ ਵੱਡੀ ਤਸਵੀਰ ਵਿਚ ਦੇਖਿਆ ਜਾਵੇ ਤਾਂ ਇਸ ਸਾਲ ਦੀ ਇਹ ਫਸਲ ਪੰਜਾਬ ਲਈ ਕਈ ਪੱਖਾਂ ਤੋਂ ਮਹੱਤਵਪੂਰਨ ਹੈ। ਇਸ ਫਸਲ ਹੇਠ ਲਗਭਗ 50,000 ਹੈਕਟੇਅਰ ਰਕਬੇ ਦਾ ਵਾਧਾ, ਪਿਛਲੇ ਸਾਲ ਦੀ 20.25 ਲੱਖ ਮੀਟ੍ਰਿਕ ਟਨ ਪੈਦਾਵਾਰ ਦੇ ਮੁਕਾਬਲੇ ਇਸ ਸਾਲ 30 ਲੱਖ ਮੀਟ੍ਰਿਕ ਟਨ ਫ਼ਸਲ ਹੋਣ ਦਾ ਅਨੁਮਾਨ, ਔਸਤ ਝਾੜ 15-16 ਤੋਂ ਵਧ ਕੇ 23 ਕੁਇੰਟਲ ਪ੍ਰਤੀ ਏਕੜ ਹੋਣ ਦੀ ਉਮੀਦ ਪੰਜਾਬ ਲਈ ਵੱਡੀ ਆਸ ਹੈ।