ਖਡੂਰ ਸਾਹਿਬ, 8 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਸੜਕ ਹਾਦਸੇ ਦੌਰਾਨ ਸਵਿੱਫਟ ਅਤੇ ਐਕਸ.ਯੂ.ਵੀ.’ਚ ਸਵਾਰ 9 ਨੌਜਵਾਨਾਂ ਵਿਚੋਂ ਤਿੰਨ ਦੀ ਮੌਤ ਤੇ ਦੋ ਜ਼ਖ਼ਮੀ ਹੋ ਗਏ, ਜਿੰਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਪੁਲਿਸ ਥਾਣਾ ਵੈਰੋਵਾਲ ਦੇ ਐਸ.ਐਚ.ਓ. ਬਲਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਖਦੇਵ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪੱਤੀ ਲੰਮਿਆਂ ਦੀ ਖਡੂਰ ਸਾਹਿਬ ਨੇ ਬਿਆਨ ਦਰਜ ਕਰਵਾਏ ਕਿ ਮੇਰਾ ਲੜਕਾ ਅਜੈਪਾਲ ਸਿੰਘ ਤੇ ਮੇਰੀ ਸਾਲੀ ਦਾ ਲੜਕਾ ਸੁਖਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਕਾਜੀਕੋਟ ਰੋਡ ਤਰਨ ਤਾਰਨ, ਜੋ ਮੇਰੇ ਘਰ ਆਇਆ ਹੋਇਆ ਸੀ। ਉਕਤ ਦੋਵਾਂ ਨੇ ਮੇਰੇ ਭਰਾ ਹਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਜੱਲੂਪੁਰ ਦੀ ਕਾਰ ਸਵਿੱਫਟ ਜਿਸਦਾ ਨੰਬਰ ਪੀ.ਬੀ.10–ਸੀ.ਏ.–4533 ਸੀ, ਮੰਗ ਕੇ ਕਿਸੇ ਨਿੱਜੀ ਕੰਮ ਲਈ ਜਲੰਧਰ ਗਏ ਸਨ ਤੇ ਜਲੰਧਰ ਤੋਂ ਵਾਪਸ ਵਾਇਆ ਖਿਲਚੀਆਂ ਨਾਗੋਕੇ ਖਡੂਰ ਸਾਹਿਬ ਨੂੰ ਆ ਰਹੇ ਸੀ। ਤਦ ਮੇਰਾ ਲੜਕਾ ਅਜੈਪਾਲ ਸਿੰਘ ਤੇ ਸੁਖਜੀਤ ਸਿੰਘ ਰਾਤ 9 ਵਜੇ ਗੱਡੀ ’ਤੇ ਪਿੰਡ ਅਲੀਆ ਪੁੱਜੇ ਤਾਂ ਸਾਹਮਣੇ ਤੋਂ ਇਕ ਅਵਾਰਾ ਡੰਗਰ ਮੇਰੇ ਲੜਕੇ ਦੀ ਗੱਡੀ ਵਿਚ ਵੱਜਾ, ਜਿਸ ਨਾਲ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਸਾਹਮਣੇ ਤੋਂ ਆ ਰਹੀ ਮਹਿੰਦਰਾ ਐਕਸ.ਯੂ.ਵੀ ਗੱਡੀ ਪੀ.ਬੀ.10. ਡੀ.ਆਰ. 0308 ਵਿਚ ਜਾ ਵੱਡੀ, ਜਿਸ ਨਾਲ ਮੇਰੇ ਲੜਕੇ ਅਜੈਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਨਾਲ ਮੇਰੀ ਸਾਲੀ ਦੇ ਲੜਕੇ ਸੁਖਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਕਾਜੀਕੋਟ ਰੋਡ ਤਰਨ ਤਾਰਨ ਦੇ ਗੰਭੀਰ ਸੱਟਾਂ ਲੱਗ ਗਈਆਂ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਵਿਖੇ ਲਿਜਾ ਰਹੇ ਸਨ ਤਾਂ ਰਸਤੇ ਵਿਚ ਸੁਖਜੀਤ ਸਿੰਘ ਦੀ ਵੀ ਮੌਤ ਹੋ ਗਈ। ਇਸ ਤੋਂ ਇਲਾਵਾ ਐਕਸ.ਯੂ.ਵੀ. ਗੱਡੀ ਵਿਚ ਸਵਾਰ ਪੰਜ ਨੌਜਵਾਨਾਂ ਵਿਚੋਂ ਸੰਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮੁੱਛਲ ਦੀ ਮੌਤ ਹੋ ਗਈ ਹੈ ਤੇ ਦੋ ਨੌਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿੰਨਾ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਐਸ. ਐਚ. ਓ. ਬਾਜਵਾ ਨੇ ਦੱਸਿਆ ਕਿ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਬਣਦੀ ਕਾਰਵਾਈ ਆਮਲ ਵਿਚ ਲਿਆਂਦੀ ਜਾ ਰਹੀ ਹੈ, ਜ਼ਿਕਰਯੋਗ ਹੈ ਕਿ ਮ੍ਰਿਤਕ ਅਜੈਪਾਲ ਸਿੰਘ ਦਾ ਤਿੰਨ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਦੋ ਗੱਡੀਆਂ ਦੀ ਭਿਆਨਕ ਟੱਕਰ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ, ਦੋ ਦੀ ਹਾਲਤ ਗੰਭੀਰ
ਦੋ ਗੱਡੀਆਂ ਦੀ ਭਿਆਨਕ ਟੱਕਰ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ, ਦੋ ਦੀ ਹਾਲਤ ਗੰਭੀਰ
ਅਜੀਤ ਡੈਸਕ
09-09-2026