ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 8 ਸਤੰਬਰ-ਅੱਜ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਆਗੂ ਰਾਣਾ ਕੇ.ਪੀ. ਸਿੰਘ ਦੀ ਅਗਵਾਈ ਹੇਠ ਸੱਤਾਧਾਰੀ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾਂਦੇ ਕਾਂਗਰਸ ਆਗੂ ਤੇ ਵਰਕਰਾਂ ’ਤੇ ਚੰਡੀਗੜ੍ਹ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ । ਹਾਲਾਂਕਿ ਇਸ ਦੌਰਾਨ ਵੀ ਕਾਂਗਰਸ ਆਗੂ ਅਤੇ ਵੱਡੀ ਗਿਣਤੀ ’ਚ ਪੰਜਾਬ ਭਰ ਤੋਂ ਆਏ ਪਾਰਟੀ ਵਰਕਰ ਡਟੇ ਰਹੇ ਅਤੇ ‘ਆਪ’ ਸਰਕਾਰ ਵੱਲ ਪ੍ਰਦਰਸ਼ਨ ਕਰਦੇ ਰਹੇ । ਇਸੇ ਦੌਰਾਨ ਕਾਂਗਰਸੀ ਆਗੂ ਤੇ ਵਰਕਰ ਰੋਸ ਪ੍ਰਦਰਸ਼ਨ ਦੌਰਾਨ ਬੈਰੀਕੇਡਿੰਗ ਤੋੜ ਕੇ ਅੱਗਣ ਵੱਧਣ ਲੱਗੇ ਤਾਂ ਚੰਡੀਗੜ੍ਹ ਪੁਲਿਸ ਵਲੋਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ । ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਭਵਨ ਦੇ ਬਾਹਰ ਕਾਂਗਰਸ ਵਰਕਰਾਂ ਵਲੋਂ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ ਅਤੇ ਜਦੋਂ ਪਾਰਟੀ ਆਗੂ ਅਤੇ ਵਰਕਰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਮਾਰਚ ਕਰਨ ਲੱਗੇ ਤਾਂ ਚੰਡੀਗੜ੍ਹ ਪੁਲਿਸ ਨੇ ਬੈਰੀਕੇਡ ਲਾ ਕੇ ਕਾਂਗਰਸ ਵਰਕਰਾਂ ਨੂੰ ਕਾਂਗਰਸ ਭਵਨ ਦੇ ਨੇੜੇ ਹੀ ਰੋਕ ਲਿਆ, ਪਰ ਕਾਂਗਰਸ ਵਰਕਰ, ਰਾਜਾ ਵੜਿੰਗ ਦੀ ਅਗਵਾਈ ਵਿਚ ਅੱਗੇ ਵੱਧਣ ਲਈ ਬੇਜਿਦ ਦੇਖੇ ਗਏ । ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਮਰਿੰਦਰ ਸਿੰਘ ਵੜਿੰਗ ਨੇ ਦਿੜ੍ਹਬਾ ਦੇ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਤੁਰੰਤ ਅਹੁਦੇ ਤੋਂ ਬਰਖ਼ਾਸਤ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਗੁਲਜ਼ਾਰ ਸਿੰਘ ਨੇ ਆਪਣੇ ਆਖ਼ਰੀ ਬਿਆਨ ਵਿਚ ਸਪੱਸ਼ਟ ਕਿਹਾ ਸੀ ਕਿ ਉਸ ਦੀ ਖ਼ੁਦਕੁਸ਼ੀ ਲਈ ਚੀਮਾ ਜ਼ਿੰਮੇਵਾਰ ਹਨ । ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਪਹਿਲਾਂ ਲੋਕਾਂ ਨੂੰ ਸਵਾਲ ਕਰਨ ਲਈ ਅੱਗੇ ਆਉਣ ਦੀ ਗੱਲ ਕਰਦੀ ਸੀ ਉਹ ਸਰਕਾਰ ਵਿਚ ਜੇਕਰ ਅੱਜ ਕੋਈ ਨਸ਼ਿਆਂ ਬਾਰੇ ਸਵਾਲ ਕਰਦਾ ਹੈ, ਤਾਂ ਉਸਨੂੰ ਤੰਗ ਆ ਕੇ ਆਤਮ ਹੱਤਿਆ ਕਰਨੀ ਪੈਂਦੀ ਹੈ ਜਾਂ ਫਿਰ ਪੁਲਿਸ ਦਾ ਤਸ਼ੱਦਦ ਸਹਿਣਾ ਪੈਂਦਾ ਹੈ । ਉਨ੍ਹਾਂ ਸ਼ੇਰੋਂ ਪਿੰਡ ਦੇ ਮੋਹਨਜੀਤ ਸਿੰਘ ’ਤੇ ਪੁਲਿਸ ਵਲੋਂ ਕੀਤੇ ਤਸ਼ੱਦਦ ਦਾ ਵੀ ਜ਼ਿਕਰ ਕੀਤਾ । ਗੁਰਪ੍ਰੀਤ ਸਿੰਘ ਸੇਖੋਂ ਵਰਗੇ ਦੋਸ਼ੀ ਕਰਾਰ ਦਿੱਤੇ ਗੈਂਗਸਟਰਾਂ ਨੂੰ ‘ਆਪ’ ਵਿਚ ਸ਼ਾਮਲ ਕਰਨ ’ਤੇ ਵੜਿੰਗ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਲੋਕ ਗੈਂਗਸਟਰਾਂ ਤੋਂ ਛੁਟਕਾਰਾ ਚਾਹੁੰਦੇ ਹਨ, ਉੱਥੇ ਹੀ ਸੱਤਾਧਾਰੀ ਪਾਰਟੀ ਉਨ੍ਹਾਂ ਨੂੰ ਸ਼ਾਮਿਲ ਕਰਕੇ ਸਿਆਸੀ ਮੰਚ ਅਤੇ ਤਾਕਤ ਮੁਹੱਈਆ ਕਰਵਾ ਰਹੀ ਹੈ । ਉਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਹੱਕੀ ਡੀ.ਏ. ਨਾ ਦੇ ਕੇ ਉਨ੍ਹਾਂ ਪ੍ਰਤੀ ਵਿਰੋਧੀ ਰਵੱਈਆ ਅਪਣਾਉਣ ਲਈ ਵੀ ਮੁੱਖ ਮੰਤਰੀ ਦੀ ਨਿਖੇਧੀ ਕੀਤੀ । ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿਚ ਤਕਰੀਬਨ ਸਾਰੇ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਹਾਜ਼ਰ ਸੀਨੀਅਰ ਆਗੂਆਂ ਵਿਚ ਰਾਣਾ ਕੇ.ਪੀ. ਸਿੰਘ, ਸ਼ਮਸ਼ੇਰ ਸਿੰਘ ਦੂਲੋਂ, ਬ੍ਰਹਮ ਮਹਿੰਦਰਾ, ਸ਼ਾਮ ਸੁੰਦਰ ਅਰੋੜਾ, ਮਮਤਾ ਦੱਤਾ, ਸਾਧੂ ਸਿੰਘ ਧਰਮਸੋਤ, ਅਮਿਤ ਵਿੱਜ, ਕੁਲਜੀਤ ਸਿੰਘ ਨਾਗਰਾ, ਗੁਰਜੀਤ ਸਿੰਘ ਔਜਲਾ, ਬਲਬੀਰ ਸਿੰਘ ਸਿੱਧੂ, ਦਲਵੀਰ ਗੋਲਡੀ, ਡਾ. ਰਾਜ ਕੁਮਾਰ ਵੇਰਕਾ, ਹਰਦਿਆਲ ਕੰਬੋਜ, ਕੈਪਟਨ ਸੰਦੀਪ ਸੰਧੂ, ਨਿਸ਼ਾਤ ਅਖ਼ਤਰ, ਸੁਖਵਿੰਦਰ ਸਿੰਘ ਡੈਨੀ, ਲਖਵੀਰ ਸਿੰਘ ਲੱਖਾ, ਕੁਲਬੀਰ ਜ਼ੀਰਾ, ਰਾਕੇਸ਼ ਪਾਂਡੇ, ਪਵਨ ਦੀਵਾਨ, ਸੁਨੀਲ ਦੱਤੀ, ਪਵਨ ਆਦੀਆ, ਮੋਹਿਤ ਮਹਿੰਦਰਾ ਅਤੇ ਹੋਰ ਸ਼ਾਮਿਲ ਸਨ ।
ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾਂਦੇ ਰਾਜਾ ਵੜਿੰਗ ਤੇ ਰਾਣਾ ਕੇ.ਪੀ. ਸਮੇਤ ਹੋਰ ਕਾਂਗਰਸੀ ਆਗੂਆਂ ’ਤੇ ਪਾਣੀ ਦੀਆਂ ਬੁਛਾੜਾਂ
ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾਂਦੇ ਰਾਜਾ ਵੜਿੰਗ ਤੇ ਰਾਣਾ ਕੇ.ਪੀ. ਸਮੇਤ ਹੋਰ ਕਾਂਗਰਸੀ ਆਗੂਆਂ ’ਤੇ ਪਾਣੀ ਦੀਆਂ ਬੁਛਾੜਾਂ
ਅਜੀਤ ਡੈਸਕ
09-09-2026