ਐੱਸ.ਏ.ਐੱਸ. ਨਗਰ, 8 ਸਤੰਬਰ (ਕਪਿਲ ਵਧਵਾ)– ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ’ਤੇ ਸਾਲ 2018 ਦੌਰਾਨ ਹੋਈ ਫਾਇਰਿੰਗ ਦੇ ਮਾਮਲੇ ਵਿਚ ਅਦਾਲਤ ਨੇ ਸਖ਼ਤ ਰੁਖ ਅਪਣਾਉਂਦਿਆਂ ਗਵਾਹਾਂ ਗੁਰਕੀਰਤ ਸਿੰਘ, ਏ. ਐੱਸ. ਆਈ. ਸੁਖਪਾਲ ਸਿੰਘ, ਏ. ਐੱਸ. ਆਈ. ਜਸਪਾਲ ਸਿੰਘ, ਐੱਸ. ਆਈ. ਮਲਕੀਤ ਸਿੰਘ ਅਤੇ ਏ. ਐੱਸ. ਆਈ. ਸੇਵਾ ਸਿੰਘ ਦੇ ਮੁੜ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ । ਅਦਾਲਤ ਨੇ ਗਵਾਹਾਂ ਦੇ ਬਿਆਨ ’ਤੇ ਸਬੂਤ ਦਰਜ ਕਰਵਾਉਣ ਦੀ ਕਾਰਵਾਈ ਯਕੀਨੀ ਬਣਾਉਣ ਲਈ ਡੀ. ਆਈ. ਜੀ. ਰੋਪੜ ਰੇਂਜ ਨੂੰ ਵੀ ਪੱਤਰ ਭੇਜਿਆ ਹੈ । ਦੱਸ ਦੇਈਏ ਕਿ ਮਾਮਲੇ ਵਿਚ ਦੋਸ਼ 18 ਜਨਵਰੀ 2024 ਨੂੰ ਤੈਅ ਕੀਤੇ ਗਏ ਸਨ । ਅਦਾਲਤ ਨੇ ਸਰਕਾਰੀ ਪੱਖ ਨੂੰ ਸਬੂਤ ਪੇਸ਼ ਕਰਨ ਲਈ ਕਈ ਮੌਕੇ ਦਿੱਤੇ, ਪਰ ਗਵਾਹੀਆਂ ਮੁਕੰਮਲ ਨਾ ਹੋਣ ਕਾਰਨ ਸੁਣਵਾਈ ਵਿਚ ਲਗਾਤਾਰ ਦੇਰੀ ਹੋ ਰਹੀ ਹੈ । ਅਦਾਲਤ ਨੇ ਸਰਕਾਰੀ ਪੱਖ ਦੇ ਰਵੱਈਏ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਨੂੰ ਆਖਰੀ ਮੌਕਾ ਦਿੰਦਿਆਂ ਹਦਾਇਤ ਕੀਤੀ ਹੈ ਕਿ ਅਗਲੀ ਤਰੀਕ ’ਤੇ ਆਪਣੀ ਸਾਰੀ ਗਵਾਹੀ ਮੁਕੰਮਲ ਕੀਤੀ ਜਾਵੇ। ਮੁਲਜ਼ਮ ਆਸ਼ੀਸ਼ ਵਲੋਂ ਵੀ ਮੁਕੱਦਮੇ ਦੀ ਸੁਣਵਾਈ ਜਲਦ ਮੁਕੰਮਲ ਕਰਨ ਦੀ ਮੰਗ ਕਰਦਿਆਂ ਅਰਜ਼ੀ ਦਾਇਰ ਕੀਤੀ ਗਈ ਸੀ। ਅਦਾਲਤ ਵਲੋਂ ਮੁਲਜ਼ਮਾਂ ਦਿਲਪ੍ਰੀਤ ਸਿੰਘ ਉਰਫ਼ ਬਾਬਾ, ਸੁਖਪ੍ਰੀਤ ਸਿੰਘ ਬੁੱਢਾ, ਆਸ਼ੀਸ਼ ਅਤੇ ਹਰਜਿੰਦਰ ਸਿੰਘ ਨੂੰ ਪੇਸ਼ ਕਰਨ ਲਈ ਵੀ 17 ਸਤੰਬਰ ਦੇ ਪੇਸ਼ੀ ਵਾਰੰਟ ਜਾਰੀ ਕੀਤੇ ਗਏ ਹਨ। ਇਸ ਲਈ ਮਾਮਲੇ ਦੀ ਅਗਲੀ ਸੁਣਵਾਈ ਹੁਣ 17 ਸਤੰਬਰ ਨੂੰ ਹੋਵੇਗੀ।
ਪਰਮੀਸ਼ ਵਰਮਾ ਫਾਇਰਿੰਗ ਮਾਮਲਾ:-ਪੁਲਿਸ ਅਧਿਕਾਰੀਆਂ ਸਣੇ ਗਵਾਹਾਂ ਦੇ ਮੁੜ ਗੈਰ-ਜ਼ਮਾਨਤੀ ਵਾਰੰਟ
ਪਰਮੀਸ਼ ਵਰਮਾ ਫਾਇਰਿੰਗ ਮਾਮਲਾ:-ਪੁਲਿਸ ਅਧਿਕਾਰੀਆਂ ਸਣੇ ਗਵਾਹਾਂ ਦੇ ਮੁੜ ਗੈਰ-ਜ਼ਮਾਨਤੀ ਵਾਰੰਟ
ਅਜੀਤ ਡੈਸਕ
09-09-2026